ਕੋਲਕਾਤਾ, 1 ਜੂਨ
ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨੱਥ (ਕੇਕੇ) ਦੀ ਮੌਤ ‘ਤੇ ਕੋਲਕਾਤਾ ਪੁਲੀਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ ਦੇ ਖੇਤਰ ਵਿੱਚ ਆਉਂਦਾ ਹੈ, ਜਿਸ ਵਿੱਚ ਕੇਕੇ ਠਹਿਰਿਆ ਹੋਇਆ ਸੀ। ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੇ ਇਸ ਹੋਟਲ ਵਿੱਚ ਤਬੀਅਤ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਸੀ। ਗਾਇਕ ਨੇ ਕੁਝ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਤਸਵੀਰਾਂ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ ਫਿਰ ਉਸ ਨੇ ਸੈਲਫੀ ਸੈਸ਼ਨ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ। ਉਹ ਲਾਬੀ ਛੱਡ ਕੇ ਉੱਪਰ ਚਲਾ ਗਿਆ ਜਿੱਥੇ ਉਹ ਕਥਿਤ ਤੌਰ ‘ਤੇ ਠੋਕਰ ਖਾ ਕੇ ਫਰਸ਼ ‘ਤੇ ਡਿੱਗ ਪਿਆ। ਉਸ ਦੇ ਨਾਲ ਆਏ ਲੋਕਾਂ ਨੇ ਹੋਟਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਕੇਕੇ ਨੂੰ ਫਿਰ ਸ਼ਹਿਰ ਦੇ ਦੱਖਣੀ ਹਿੱਸੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ “ਮ੍ਰਿਤਕ” ਕਰਾਰ ਦੇ ਦਿੱਤਾ। ਕੇਕੇ ਦੇ ਮੱਥੇ ਤੇ ਬੁੱਲ ‘ਤੇ ਸੱਟ ਦੇ ਨਿਸ਼ਾਨ ਹਨ ਤੇ ਡਾਕਟਰਾਂ ਮੁਤਾਬਕ ਇਹ ਗਾਇਕ ਦੇ ਡਿੱਗਣ ਕਾਰਨ ਲੱਗੀਆਂ ਹੋ ਸਕਦੀਆਂ ਹਨ ਪਰ ਸਹੀ ਕਾਰਨ ਪੋਸਟਮਾਰਟ ਦੀ ਰਿਪੋਰਟ ਬਾਅਦ ਪਤਾ ਲੱਗੇਗਾ।