ਮੁੰਬਈ: ਗਾਇਕ ਕੇਕੇ (53) ਦੀ ਬੀਤੀ ਰਾਤ ਕੋਲਕਾਤਾ ਵਿੱਚ ਮੌਤ ਹੋ ਗਈ। ਉਸ ਨੇ ਆਪਣੀ ਮਖਮਲੀ ਆਵਾਜ਼ ਰਾਹੀਂ 1990 ਅਤੇ 2000 ਦੇ ਦਹਾਕੇ ਵਿੱਚ ਬਹੁਤ ਸਾਰੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕੀਤਾ। ਗਾਇਕ ਦੀ ਮੌਤ ਦੀ ਖ਼ਬਰ ਨਸ਼ਰ ਹੋਣ ਮਗਰੋਂ ਫ਼ਿਲਮ ਅਤੇ ਸੰਗੀਤ ਜਗਤ ਸਣੇ ਉਸ ਦੇ ਪ੍ਰਸ਼ੰਸਕਾਂ ਵਿੱਚ ਮਾਯੂਸੀ ਛਾ ਗਈ। ਅਦਾਕਾਰ ਅਜੈ ਦੇਵਗਨ ਨੇ ਟਵੀਟ ਕਰਦਿਆਂ ਕੇਕੇ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਮਰਾਨ ਹਾਸ਼ਮੀ, ਜਿਸ ਦੇ ਕਈ ਮਸ਼ਹੂਰ ਗੀਤਾਂ ਜਿਵੇਂ ‘ਦਿਲ ਇਬਾਦਤ’ ਅਤੇ ‘ਜ਼ਰਾ ਸਾ’ ਸਣੇ ਕਈ ਹੋਰਾਂ ਵਿੱਚ ਕੇਕੇ ਨੇ ਪਿੱਠਵਰਤੀ ਗਾਇਕ ਦੀ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ ਕੇਕੇ ਨਾਲ ਕੰਮ ਕਰਨਾ ਉਸ ਲਈ ਹਮੇਸ਼ਾਂ ਖਾਸ ਰਿਹਾ ਹੈ। ਗਾਇਕ ਮੋਹਿਤ ਚੌਹਾਨ ਨੇ ਕਿਹਾ ਕਿ ਉਸ ਨੇ ਆਪਣੇ ਇੱਕ ਪਿਆਰੇ ਦੋਸਤ ਅਤੇ ਭਰਾ ਨੂੰ ਗੁਆ ਲਿਆ ਹੈ। ਫਿਲਮਸਾਜ਼ ਫਰਹਾ ਖ਼ਾਨ, ਜਿਸ ਦੀ ਫਿਲਮ ‘ਓਮ ਸ਼ਾਂਤੀ ਓਮ’ ਮਸ਼ਹੂਰ ਗੀਤ ‘ਆਖੋਂ ਮੇਂ ਅਜਬ ਸੀ’ ਕੇਕੇ ਨੇ ਗਾਇਆ ਸੀ, ਨੇ ਕਿਹਾ ਕਿ ਗਾਇਕ ਨੇ ਆਪਣੇ ਦਮ ‘ਤੇ ਇੰਡਸਟਰੀ ਵਿੱਚ ਨਾਮ ਕਮਾਇਆ ਸੀ। ਗਾਇਕ ਸ਼ੰਕਰ ਮਹਾਦੇਵਾ ਨੇ ਕਿਹਾ ਕਿ ਉਹ ਕੇਕੇ ਦੀ ਮੌਤ ਦੀ ਖ਼ਬਰ ਸੁਣ ਕੇ ਸੁੰਨ ਹੋ ਗਿਆ। ਇਸੇ ਤਰ੍ਹਾਂ ਬੌਲੀਵੁੱਡ ਅਦਾਕਾਰ ਵਰੁਣ ਧਵਨ, ਗਾਇਕ ਮੀਕਾ ਸਿੰਘ, ਅਦਾਕਾਰ ਕਮਲ ਹਸਨ, ਫਿਲਮਸਾਜ਼ ਕਰਨ ਜੌਹਰ, ਗੀਤਕਾਰ ਵਰੁਣ ਗਰੋਵਰ ਅਤੇ ਅਦਾਕਾਰ ਆਰ ਮਾਧਵਨ ਸਣੇ ਕਈ ਹੋਰ ਨਾਮਵਰ ਹਸਤੀਆਂ ਨੇ ਵੀ ਕੇਕੇ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ
ਦਲੇਰ ਮਹਿੰਦੀ ਅਤੇ ਕਪਿਲ ਨੇ ਸਾਂਝੇ ਕੀਤੇ ਕੇਕੇ ਨਾਲ ਬਿਤਾਏ ਪਲ
ਮੁੰਬਈ: ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਗਾਇਕ ਕੇਕੇ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ”ਇਹ ਬਹੁਤ ਹੀ ਗਮਗੀਨ ਖ਼ਬਰ ਹੈ। ਉਹ ਸਾਦਾ ਅਤੇ ਸ਼ਰਮੀਲਾ ਇਨਸਾਨ ਸੀ।” ਦਲੇਰ ਮਹਿੰਦੀ ਨੇ ਟਵੀਟ ਕੀਤਾ, ”ਭਾਰਤੀ ਸੰਗੀਤ ਇੰਡਸਟਰੀ ਲਈ ਇਹ ਬਹੁਤ ਵੱਡਾ ਘਾਟਾ ਹੈ। ਮੈਂ ਹਮੇਸ਼ਾਂ ਉਸ ਦੀ ਸੰਗੀਤ ਪ੍ਰਤੀ ਪਹੁੰਚ ਤੋਂ ਪ੍ਰਭਾਵਿਤ ਹੋਇਆ। ਪਰਮਾਤਮਾ ਉਸ ਦੇ ਸਾਰੇ ਪ੍ਰਸ਼ੰਸਕਾਂ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।” ਕਾਮੇਡੀਅਨ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ, ”ਅਸੀਂ ਕੁਝ ਸਮਾਂ ਪਹਿਲਾਂ ਹੀ ਮਿਲੇ ਸੀ। ਕਿੰਨੀ ਖੂਬਸੂਰਤ ਸ਼ਾਮ ਸੀ। ਮੈਨੂੰ ਨਹੀਂ ਪਤਾ ਸੀ ਇਹ ਆਖ਼ਰੀ ਮੁਲਾਕਾਤ ਹੋਵੇਗੀ। ਦਿਲ ਬਹੁਤ ਉਦਾਸ ਹੈ। ਕੇਕੇ ਤੂੰ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੇਗਾ।” -ਆਈਏਐੱਨਐੱਸ