ਕੁਆਲਾਲੰਪਰ: ਭਾਰਤ ਦੀਆਂ ਦੋ ਮਹਿਲਾ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਅੱਜ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੁਕਾਬਲੇ ਲਈ ਕੋਰਟ ਵਿੱਚ ਉਤਰੀਆਂ। ਇਨ੍ਹਾਂ ‘ਚੋਂ ਸਿੰਧੂ ਦੂਜੇ ਗੇੜ ‘ਚ ਪਹੁੰਚ ਗਈ ਜਦਕਿ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ 10ਵੇਂ ਦਰਜੇ ਦੀ ਖਿਡਾਰਨ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ 21-13, 21-17 ਨਾਲ ਹਰਾਇਆ ਪਰ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਵਿਸ਼ਵ ਦੀ 33ਵੇਂ ਦਰਜੇ ਦੀ ਖਿਡਾਰਨ ਅਮਰੀਕਾ ਦੀ ਆਈਰਿਸ ਵੈਂਗ ਤੋਂ 11-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਨੇ ਵੀ ਸੱਟ ਤੋਂ ਬਾਅਦ ਵਾਪਸੀ ਕਰਦਿਆਂ ਕੋਰੀਆ ਦੇ ਹਿਓ ਕਵਾਂਗ ਨੂੰ 21-12, 21-17 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ। ਇਸ ਤੋਂ ਇਲਾਵਾ ਬੀ. ਸੁਮਿਤ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਨੈਦਰਲੈਂਡਜ਼ ਦੀ ਜੋੜੀ ਰੋਬਿਨ ਟੇਬਲਿੰਗ ਅਤੇ ਸੇਲੇਨਾ ਪੀਕ ਤੋਂ 52 ਮਿੰਟ ਚੱਲੇ ਮੁਕਾਬਲੇ ਵਿੱਚ 15-21 21-19 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ