ਵਿੰਬਲਡਨ: ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰਨ ਸੈਰੇਨਾ ਵਿਲੀਅਮਜ਼ ਨੇ ਅੱਜ 364 ਦਿਨਾਂ ਬਾਅਦ ਮਹਿਲਾ ਸਿੰਗਲਜ਼ ਮੈਚ ਵਿੱਚ ਵਾਪਸੀ ਕੀਤੀ ਪਰ ਉਹ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਾਰ ਕੇ ਹੀ ਮੁਕਾਬਲੇ ‘ਚੋਂ ਬਾਹਰ ਹੋ ਗਈ। ਉਸ ਨੇ ਪਿਛਲੇ ਸਾਲ 29 ਜੂਨ ਨੂੰ ਵਿੰਬਲਡਨ ਵਿੱਚ ਆਪਣਾ ਆਖਰੀ ਸਿੰਗਲ ਮੈਚ ਖੇਡਿਆ ਸੀ ਪਰ ਪਹਿਲੇ ਸੈੱਟ ‘ਚ ਹੀ ਸੱਟ ਲੱਗਣ ਕਾਰਨ ਉਹ ਬਾਹਰ ਹੋ ਗਈ ਸੀ। ਉਸ ਨੂੰ ਅੱਜ ਪਹਿਲੀ ਵਾਰ ਵਿੰਬਲਡਨ ਖੇਡ ਰਹੀ ਵਿਸ਼ਵ ਦੀ 115ਵੇਂ ਦਰਜੇ ਦੀ ਫਰਾਂਸ ਦੀ ਖਿਡਾਰਨ ਹਾਰਮੋਨੀ ਟੈਨ ਨੇ 7-5, 1-6, 7-6 (10-7) ਨਾਲ ਹਰਾਇਆ। ਜਦੋਂ ਵਿਲੀਅਮਜ਼ ਨੂੰ ਪੁੱਛਿਆ ਗਿਆ ਕਿ ਕੀ ਇਹ ਉਸ ਦਾ ਆਖਰੀ ਮੁਕਾਬਲਾ ਹੋ ਸਕਦਾ ਹੈ ਤਾਂ ਉਸ ਨੇ ਕਿਹਾ, ”ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੀ।” ਮੁਕਾਬਲਾ ਜਿੱਤਣ ਮਗਰੋਂ 24 ਸਾਲਾ ਟੈਨ ਨੇ ਦੱਸਿਆ ਕਿ ਉਹ ਛੋਟੇ ਹੁੰਦੇ ਵਿਲੀਅਮਜ਼ ਨੂੰ ਟੀਵੀ ‘ਤੇ ਦੇਖਦੀ ਹੁੰਦੀ ਸੀ। ਦੂਜੇ ਗੇੜ ਵਿੱਚ ਟੈਨ ਦਾ ਮੁਕਾਬਲਾ ਵੀਰਵਾਰ ਨੂੰ 32ਵਾਂ ਦਰਜਾ ਪ੍ਰਾਪਤ ਸਪੇਨ ਦੀ ਸਾਰਾ ਸੋਰਿਬੇਸ ਨਾਲ ਹੋਵੇਗਾ, ਜਿਸ ਨੇ ਪਹਿਲੇ ਗੇੜ ਵਿੱਚ ਅਮਰੀਕੀ ਕੁਆਲੀਫਾਇਰ ਕ੍ਰਿਸਟੀਨਾ ਮੈਕਹੇਲ ਨੂੰ 6-2, 6-1 ਨਾਲ ਹਰਾਇਆ। -ਪੀਟੀਆਈ