12.4 C
Alba Iulia
Thursday, May 2, 2024

ਜ਼ਿੰਦਗੀ ਦੀ ਪ੍ਰਭਾਤ ਨੇ ਧੀਆਂ…

Must Read


ਸ਼ਵਿੰਦਰ ਕੌਰ

ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਨੁੱਖ ਹੋਵੇਗਾ ਜੋ ਬੱਚਿਆਂ ਨੂੰ ਪਸੰਦ ਨਾ ਕਰਦਾ ਹੋਵੇ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਹਰ ਦੰਪਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਿਹੜੇ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ। ਬੱਚਾ ਧੀ ਹੋਵੇ ਜਾਂ ਪੁੱਤ ਮਾਂ ਤਾਂ ਦੋਵਾਂ ਨੂੰ ਨੌਂ ਮਹੀਨੇ ਆਪਣੇ ਗਰਭ ਵਿੱਚ ਰੱਖਦੀ ਹੈ। ਦੋਵਾਂ ਦੇ ਪੈਦਾ ਹੋਣ ਸਮੇਂ ਇੱਕੋ ਜਿਹੀਆਂ ਜੰਮਣ ਪੀੜਾਂ ਸਹਿੰਦੀ ਹੈ। ਇਸ ਲਈ ਉਸ ਲਈ ਤਾਂ ਧੀ ਅਤੇ ਪੁੱਤਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਦੋਵੇਂ ਹੀ ਉਸ ਦੇ ਜਿਗਰ ਦੇ ਟੁਕੜੇ ਹੁੰਦੇ ਹਨ।

ਸਾਡੇ ਲਈ ਇਹ ਬੜਾ ਸੁਭਾਗਾ ਸਮਾਂ ਹੈ ਕਿ ਬਹੁਤ ਸਾਰੇ ਪਰਿਵਾਰ ਧੀ ਪੈਦਾ ਹੋਣ ‘ਤੇ ਪੁੱਤਾਂ ਵਾਂਗ ਹੀ ਖੁਸ਼ੀ ਮਨਾਉਂਦੇ ਹਨ। ਪੂਰਾ ਲਾਡ ਪਿਆਰ ਕਰਦੇ ਹਨ। ਪਾਲਣ ਪੋਸ਼ਣ, ਖੁਰਾਕ ਅਤੇ ਸਿੱਖਿਆ ਸਮੇਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦੇ। ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਇਹ ਸਾਡੇ ਸਮਾਜ ਦੇ ਚਾਨਣ ਮੁਨਾਰੇ ਹਨ। ਖੂਬਸੂਰਤੀ, ਜ਼ਿੰਦਗੀ ਦਾ ਸਲੀਕਾ, ਰਿਸ਼ਤਿਆਂ ਨੂੰ ਨਿਭਾਉਣ ਦੀ ਭਾਵੁਕ ਪਹੁੰਚ ਅਤੇ ਪਰਿਵਾਰ ਨੂੰ ਜੋੜ ਰੱਖਣ ਦੀ ਸਮਰੱਥਾ ਅਤੇ ਸਹਿਣਸ਼ੀਲਤਾ ਧੀਆਂ ਦੇ ਹਿੱਸੇ ਹੀ ਆਈ ਹੈ। ਇਸੇ ਲਈ ਤਾਂ ਸਿਆਣੇ ਮਾਪਿਆਂ ਲਈ:

ਰੱਬ ਦੀ ਬਖ਼ਸ਼ੀ ਦਾਤ ਨੇ ਧੀਆਂ।

ਜੱਗ ਦੇ ਲਈ ਸੁਗਾਤ ਨੇ ਧੀਆਂ।

ਵਿਹੜੇ ਦੀ ਖਿੜੀ ਗੁਲਜ਼ਾਰ ਨੇ ਧੀਆਂ।

ਜ਼ਿੰਦਗੀ ਦੀਆਂ ਸਿਰਜਣਹਾਰ ਨੇ ਧੀਆਂ।

ਜ਼ਿੰਦਗੀ ਦੀ ਪ੍ਰਭਾਤ ਨੇ ਧੀਆਂ।

ਦੂਜੇ ਪਾਸੇ ਅਜੇ ਵੀ ਸਾਡੇ ਸਮਾਜ ਵਿੱਚ ਬਹੁ ਗਿਣਤੀ ਉਨ੍ਹਾਂ ਪਰਿਵਾਰਾਂ ਦੀ ਵੀ ਹੈ ਜਿਨ੍ਹਾਂ ਨੂੰ ‘ਧੀ ਆਈ ਹੈ’ ਦਾ ਲਫ਼ਜ਼ ਸੁਣਦਿਆਂ ਹੀ ਸੱਪ ਸੁੰਘ ਜਾਂਦਾ ਹੈ। ਇੰਜ ਚੁੱਪ ਪਸਰ ਜਾਂਦੀ ਹੈ ਜਿਵੇਂ ਬਹੁਤ ਵੱਡੀ ਆਫ਼ਤ ਆ ਗਈ ਹੋਵੇ। ‘ਪੱਥਰ ਮੱਥੇ ਵੱਜਿਆ’ ਹਉਕਿਆਂ ਵਰਗੇ ਬੋਲ ਉਨ੍ਹਾਂ ਦੇ ਮੂੰਹੋਂ ਨਿਕਲਦੇ ਹਨ। ਸੋਗ ਮਨਾਉਂਦੇ ਉਨ੍ਹਾਂ ਦੇ ਮਨ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਾ ਜਨਮ ਵੀ ਔਰਤ ਦੀ ਕੁੱਖੋਂ ਹੋਇਆ ਹੈ:

ਧੀਆਂ ਬਿਨਾਂ ਨਾ ਵਿਹੜੇ ਰੌਣਕਾਂ ਲੱਗਦੀਆਂ ਨੇ

ਧੀਆਂ ਬਿਨਾਂ ਨਾ ਘਰ ‘ਚ ਬਹਾਰ ਹੁੰਦੀ।

ਇਹ ਤਾਂ ਦੁੱਖ ਵੰਡਾਵਣ ਜਾਣਦੀਆਂ ਨੇ

ਮੂਰਖ ਨੇ ਲੋਕ ਜਿਹੜੇ ਕਹਿਣ ਧੀ ਭਾਰ ਹੁੰਦੀ।

ਕਿੰਨੀ ਘਟੀਆ ਮਾਨਸਿਕਤਾ ਦੇ ਧਾਰਨੀ ਹੁੰਦੇ ਹਨ ਅਜਿਹੇ ਲੋਕ। ਔਰਤ ਜੋ ਮਨੁੱਖ ਨੂੰ ਪਹਿਲਾਂ ਜ਼ਿੰਦਗੀ ਦਿੰਦੀ ਹੈ, ਫਿਰ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਂਦੀ ਹੈ। ਧੀ ਨੇ ਅੱਗੇ ਜਾ ਕੇ ਭੈਣ, ਪਤਨੀ ਅਤੇ ਮਾਂ ਬਣਨਾ ਹੈ। ਮਾਵਾਂ ਸਦਕਾ ਹੀ ਇਸ ਜਹਾਨ ਦੀ ਹੋਂਦ ਬਰਕਰਾਰ ਰਹਿਣੀ ਹੈ। ਫਿਰ ਜੱਗ ਜਣਨੀ ਪੱਥਰ ਕਿਵੇਂ ਹੋਈ। ਧੀ ਨੂੰ ਪੱਥਰ ਕਹਿਣ ਵਾਲਿਓ ਯਾਦ ਰੱਖੋ:

ਕੁੜੀ ਜੰਮੀ ਤਾਂ ਪੱਥਰ ਸਮਝੋ, ਮੁੰਡਾ ਲੱਖ ਕਰੋੜੀ।

ਕੁੜੀ ਜੰਮੀ ਤੋਂ ਸੋਗ ਮਨਾਉਂਦੇ, ਮੁੰਡੇ ਵੇਰੀਂ ਛਾਤੀ ਚੌੜੀ।

ਸੁਖਮਿੰਦਰ ਰਾਮਪੁਰੀ ਨੇ ਠੀਕ ਹੀ ਲਿਖਿਆ ਹੈ:

ਆਪ ਜੜ੍ਹਾਂ ਨਾਲ ਜੜ੍ਹਾਂ ਲਗਾਈਏ

ਜਦ ਆਈਏ ਪੱਥਰ ਅਖਵਾਈਏ

ਜੜ੍ਹ ਵਾਲੇ ਸਾਡੇ ਬਿਨ ਪੱਥਰ

ਕਦੇ ਨਾ ਆਖ ਸੁਣਾਈਏ।

ਧੀ ਤੋਂ ਸੱਖਣਾ ਘਰ ਸੁੰਨ-ਮਸੁੰਨਾ ਅਤੇ ਤਹਿਜ਼ੀਬ ਰਹਿਤ ਰਹਿੰਦਾ ਹੈ। ਧੀਆਂ ਤਾਂ ਸਾਡੀ ਜ਼ਿੰਦਗੀ ਨੂੰ ਅਨੁਸ਼ਾਸਨ ਵਿੱਚ ਢਾਲਦੀਆਂ ਹਨ। ਧੀਆਂ ਘਰ ਵਿੱਚ ਹੁੰਦੀਆਂ ਹਨ ਤਾਂ ਅਸੀਂ ਸੋਚ ਸਮਝ ਕੇ ਬੋਲਦੇ ਹਾਂ। ਸਾਡੇ ਬੋਲਣ ਚੱਲਣ, ਰਹਿਣ-ਸਹਿਣ ਵਿੱਚ ਸਲੀਕਾ ਆਉਂਦਾ ਹੈ। ਧੀਆਂ ਨਾਲ ਹੀ ਸਾਡੇ ਵਿਹੜਿਆਂ ਵਿੱਚ ਪਿਆਰ, ਸਤਿਕਾਰ ਦੀਆਂ ਖੁਸ਼ਬੂਆਂ ਮਹਿਕਦੀਆਂ ਹਨ। ਉਨ੍ਹਾਂ ਦੇ ਨੂਰੀ ਚਿਹਰੇ ਅਤੇ ਕਸਤੂਰੀ ਹਾਸੇ, ਉਨ੍ਹਾਂ ਵੱਲੋਂ ਕੀਤਾ ਲਾਡ ਪਿਆਰ ਸਾਡੀ ਜ਼ਿੰਦਗੀ ਨੂੰ ਖੁਸ਼ਨੁਮਾ ਅਤੇ ਜਿਊਣ ਯੋਗ ਬਣਾਉਂਦਾ ਹੈ। ਧੀਆਂ ਸਦਾ ਮਾਪਿਆਂ ਦੀ ਸਲਾਮਤੀ ਭਾਲਦੀਆਂ ਹਨ। ਬੁਢਾਪੇ ਸਮੇਂ ਵੀ ਅਸੀਂ ਦੁੱਖ ਸਮੇਂ ਧੀ ਨੂੰ ਆਵਾਜ਼ਾਂ ਮਾਰਦੇ ਹਾਂ:

ਕਮਲੇ ਨੇ ਲੋਕ ਜਿਹੜੇ ਕਹਿਣ ਮਰਜਾਣੀਆਂ

ਸੋਹਜ ਤੇ ਸਲੀਕਾ ਦੇਣ ਸਾਨੂੰ ਧੀਆਂ ਰਾਣੀਆਂ।

ਰੰਗ ਤੇ ਸੁਗੰਧ ਇੱਕੋ ਫੁੱਲ ਵਿੱਚ ਕਾਇਮ ਹੈ

ਫਲ ਪੈਣ ਸਾਰ ਇਹ ਤਾਂ ਭਰ ਦੇਣ ਟਾਹਣੀਆਂ।

ਧੀਆਂ ਦੀ ਕਦਰ ਘਟਾਉਣ ਵਿੱਚ ਸਾਡੇ ਸਮਾਜ ਦਾ ਬੜਾ ਵੱਡਾ ਹੱਥ ਹੈ। ਦਾਜ ਦੀ ਰਸਮ ਜੋ ਵਿਆਹ ਯੋਗ ਧੀਆਂ ਦੇ ਮਾਪਿਆਂ ਨੂੰ ਚਿੰਤਾ ਵਿੱਚ ਡੋਬੀ ਰੱਖਦੀ ਹੈ। ਬਹੁਤੇ ਮਾਪਿਆਂ ਨੂੰ ਦਾਜ ਦੇਣ ਲਈ ਕਰਜ਼ਾ ਚੁੱਕਣਾ ਪੈਂਦਾ ਹੈ ਜਾਂ ਜਾਇਦਾਦ ਵੇਚਣੀ ਪੈਂਦੀ ਹੈ। ਦਾਜ ਦੇ ਕੇ ਵੀ ਲਾਡਾਂ ਨਾਲ ਪਾਲੀ ਧੀ ਨੂੰ ਡੋਲੀ ਵਿੱਚ ਬਿਠਾਉਣ ਸਮੇਂ ਉਨ੍ਹਾਂ ਦੇ ਮਨ ਵਿੱਚ ਇੱਕ ਡਰ ਘਰ ਕਰ ਜਾਂਦਾ ਹੈ ਕਿ ਪਤਾ ਨਹੀਂ ਅੱਗੇ ਸਹੁਰਾ ਪਰਿਵਾਰ ਕਿਹੋ ਜਿਹਾ ਹੋਵੇਗਾ? ਜੇ ਸਹੁਰੇ ਘਰ ਵਿੱਚ ਧੀ ਨੂੰ ਪਿਆਰ ਨਾਲ ਰੱਖਦੇ ਹਨ ਤਾਂ ਉਸ ਵੱਲੋਂ ਆਇਆ ਠੰਢੀ ‘ਵਾ ਦਾ ਬੁੱਲਾ ਉਨ੍ਹਾਂ ਨੂੰ ਜਿਊਣ ਜੋਗੇ ਕਰ ਦਿੰਦਾ ਹੈ, ਪਰ ਜੇ ਲਾਲਚੀ ਸਹੁਰੇ ਹੋਰ ਦਾਜ ਦੀ ਮੰਗ ਕਰਦੇ, ਉਸ ਨੂੰ ਪਰੇਸ਼ਾਨ ਕਰਦੇ ਰਹਿਣ ਤਾਂ ਧੀ ਦੇ ਅੱਥਰੂ ਤਾਉਮਰ ਦੀਆਂ ਪੀੜਾਂ ਦੇ ਦਿੰਦੇ ਹਨ।

ਔਰਤਾਂ ਪ੍ਰਤੀ ਸਤਿਕਾਰ ਵਾਲੀ ਭਾਵਨਾ ਸਾਡੇ ਬਹੁਤੇ ਮਰਦ ਸਮਾਜ ਦੇ ਹਿੱਸੇ ਨਹੀਂ ਆਈ। ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਜੋ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਦਾ ਹਿੱਸਾ ਸਨ, ਉਨ੍ਹਾਂ ਦਾ ਪਾਲਣ ਕਰਨ ਦੀ ਜਾਚ ਭੁੱਲ ਰਹੀ ਹੈ। ਉਹ ਕੁੜੀਆਂ ਨੂੰ, ਔਰਤਾਂ ਨੂੰ ਇੱਕ ਇਨਸਾਨ ਸਮਝਣ ਦੀ ਬਜਾਏ ਕੇਵਲ ਇੱਕ ਵਸਤੂ ਵਾਂਗ ਹੀ ਸਮਝਦੇ ਹਨ। ਕੁੜੀਆਂ ਨੂੰ ਦੇਖਦਿਆਂ ਉਨ੍ਹਾਂ ‘ਤੇ ਫਿਕਰੇ ਕੱਸਣੇ, ਛੇੜਛਾੜ ਕਰਨੀ, ਬਲਾਤਕਾਰ ਕਰਨੇ ਜਿੰਨੀ ਦੇਰ ਮਰਦ ਦੀ ਸੋਚ ਦਾ ਹਿੱਸਾ ਬਣੇ ਰਹਿਣਗੇ। ਧੀਆਂ ਦੀ ਬੇਕਦਰੀ ਹੁੰਦੀ ਰਹੇਗੀ। ਟੈਗੋਰ ਨੇ ਕਿਹਾ ਹੈ, ”ਸੰਸਾਰ ਦਾ ਭਵਿੱਖ ਇਸਤਰੀ ਦੇ ਹੱਥ ਵਿੱਚ ਹੈ, ਜਿਹੋ ਜਿਹਾ ਉਹ ਬਣਾਏਗੀ, ਉਹੋ ਜਿਹਾ ਹੀ ਬਣ ਜਾਵੇਗਾ।” ਕਿਉਂ ਨਾ ਅਸੀਂ ਬੱਚੀਆਂ ਪ੍ਰਤੀ, ਔਰਤਾਂ ਪ੍ਰਤੀ ਆਪਣੀ ਘਟੀਆ ਮਾਨਸਿਕਤਾ ਵਾਲੀ ਸੋਚ ਬਦਲੀਏ ਤਾਂ ਜੋ ਸਾਡਾ ਇਹ ਸੰਸਾਰ ਖੂਬਸੂਰਤ ਵਿਚਾਰਾਂ ਦਾ ਧਾਰਨੀ ਬਣੇ।

ਔਰਤਾਂ ਨੂੰ ਵੀ ਆਪਣੀ ਸੋਚ ਅੰਦਰ ਉਸਾਰੂ ਪਰਿਵਰਤਨ ਲਿਆਉਣ ਦੀ ਲੋੜ ਹੈ। ਆਪਣੇ ਆਪ ਨੂੰ ਨਿਮਾਣੀ ਅਤੇ ਨਿਤਾਣੀ ਸਮਝਣ ਦੀ ਥਾਂ ਮਰਦ ਦੇ ਬਰਾਬਰ ਦਾ ਇਨਸਾਨ ਸਮਝੇ। ਧੀਆਂ ਨੂੰ ਪੱਥਰ ਕਹਿਣ ਦੀ ਥਾਂ ਉਨ੍ਹਾਂ ਨੂੰ ਮਾਣ ਸਨਮਾਨ ਵਾਲੀ ਜ਼ਿੰਦਗੀ ਜਿਊਣ ਦਾ ਰਾਹ ਪੱਧਰਾ ਕਰਨ ਲਈ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰੇ। ਜਦੋਂ ਔਰਤ ਦ੍ਰਿੜ੍ਹ ਇਰਾਦੇ ਨਾਲ ਮੈਦਾਨ ਵਿੱਚ ਉਤਰਦੀ ਹੈ ਤਾਂ ਉਸ ਦੇ ਬੁਲੰਦ ਹੌਸਲੇ ਅੱਗੇ ਕੋਈ ਰੋਕ ਨਹੀਂ ਟਿਕਦੀ।

ਧੀਆਂ ਨੂੰ ਚੰਗੇ ਸੰਸਕਾਰ ਦੇਈਏ। ਉਸ ਨੂੰ ਸਮਾਜ ਵਿੱਚ ਵਿਚਰਨ ਲਈ ਪੂਰੀ ਸੇਧ ਅਤੇ ਸਾਥ ਦੇਈਏ। ਜਦੋਂ ਧੀਆਂ ਨੂੰ ਪਤਾ ਹੋਵੇਗਾ ਕਿ ਉਸ ਦੇ ਹਰ ਸੰਘਰਸ਼ ਵਿੱਚ ਮਾਪੇ ਉਸ ਦੇ ਨਾਲ ਹਨ ਤਾਂ ਉਹ ਜ਼ਰੂਰ ਹੀ ਆਪਣੇ ਲਈ, ਸਾਡੇ ਲਈ ਅਤੇ ਸਮਾਜ ਲਈ ਬਹੁਤ ਹੀ ਚੰਗੇਰਾ ਕਰਨਗੀਆਂ। ਅਜਿਹੀ ਧੀ ਦੇ ਇਰਾਦਿਆਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦੇ ਹੋਏ ਗੁਰਭਜਨ ਗਿੱਲ ਕਹਿੰਦੇ ਹਨ:

ਬਾਬਲ ਮਾਤ ਪਿਆਰੀ ਦਾ ਮੈਂ

ਹਰ ਸੁਪਨਾ ਸਾਕਾਰ ਕਰਾਂਗੀ।

ਧਰਤੀ, ਅੰਬਰ,ਚੰਦ ਸਿਤਾਰੇ

ਦੋ ਬਾਹਾਂ ਦੇ ਵਿਚਕਾਰ ਕਰਾਂਗੀ।

ਮੇਰੇ ਪੁਰਖੇ ਮੇਰੀ ਸ਼ਕਤੀ

ਹਰ ਪਲ ਮੇਰੇ ਸਾਹੀਂ ਵੱਸਣ

ਇਸ ਧਰਤੀ ‘ਤੇ ਮਾਨਵਤਾ ਲਈ

ਸ਼ੁਭ ਕਰਮਨ ਵਿਸਥਾਰ ਕਰਾਂਗੀ।
ਸੰਪਰਕ: 76260-63596



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -