ਮੁੰਬਈ: ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਖਿਆ ਕਿ ‘ਕ੍ਰਿਕਟ ਦੇ ਮੱਕੇ’ ਵਜੋਂ ਜਾਣੇ ਜਾਂਦੇ ਲੰਡਨ ਦੇ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਬਣੇ ਐੱਮਸੀਸੀ ਮਿਊਜ਼ੀਅਮ ਵਿੱਚ ਕਿਸੇ ਵੀ ਮਹਿਲਾ ਕ੍ਰਿਕਟ ਖਿਡਾਰਨ ਦੀ ਤਸਵੀਰ ਨਾ ਦੇਖ ਕੇ ਬਹੁਤ ਦੁੱਖ ਹੋਇਆ। ਜਾਣਕਾਰੀ ਅਨੁਸਾਰ ਅਦਾਕਾਰਾ ਆਪਣੀ ਆਉਣ ਵਾਲੀ ਫ਼ਿਲਮ ‘ਸ਼ਾਬਾਸ਼ ਮਿੱਤੂ’ ਵਿੱਚ ਭਾਰਤ ਦੀ ਮਹਿਲਾ ਕ੍ਰਿਕਟ ਖਿਡਾਰਨ ਮਿਤਾਲੀ ਰਾਜ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਨਿਰਮਾਤਾਵਾਂ ਨੇ ਫ਼ਿਲਮ ਦੇ ਕੁਝ ਮੈਚਾਂ ਅਤੇ ਹਿੱਸੇ ਨੂੰ ਲਾਰਡਜ਼ ਕ੍ਰਿਕਟ ਮੈਦਾਨ ਵਿੱਚ ਫਿਲਮਾਇਆ ਹੈ, ਜਿਥੇ ਤਾਪਸੀ ਨੇ ਕ੍ਰਿਕਟ ਅਤੇ ਇਸ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ। ਲੰਡਨ ‘ਚ ਕੀਤੀ ਸ਼ੂਟਿੰਗ ਦੇ ਤਜਰਬੇ ਸਾਂਝੇ ਕਰਦਿਆਂ ਤਾਪਸੀ ਨੇ ਆਖਿਆ,”ਇਹ ਬਹੁਤ ਸ਼ਾਨਦਾਰ ਹੈ ਅਤੇ ਇਹ ਇੱਕ ਕ੍ਰਿਕਟ ਅਜਾਇਬਘਰ ਵਾਂਗ ਹੈ। ਜਦੋਂ ਮੈਂ ਉੱਥੇ ਪੁੱਜੀ ਤਾਂ ਮੈਂ ਉਥੇ ਲੱਗੀਆਂ ਤਸਵੀਰਾਂ ਅਤੇ ਯਾਦਾਂ ਨੂੰ ਦੇਖਿਆ, ਜੋ ਤੁਹਾਨੂੰ ਅਤੀਤ ਵਿੱਚ ਲੈ ਜਾਂਦੀਆਂ ਹਨ ਤੇ ਫਿਰ ਤੁਹਾਨੂੰ ਕ੍ਰਿਕਟ ‘ਚ ਹੋਏ ਵਿਕਾਸ ਦੀ ਸਮਝ ਆਉਂਦੀ ਹੈ ਪਰ ਮੇਰੇ ਲਈ ਉਸ ਸਟੇਡੀਅਮ ‘ਚ ਸਭ ਤੋਂ ਵੱਡੀ ਨਿਰਾਸ਼ਾ ਇਹ ਸੀ ਕਿ ਉਥੇ ਕਿਸੇ ਵੀ ਮਹਿਲਾ ਕ੍ਰਿਕਟਰ ਦੀ ਤਸਵੀਰ ਨਹੀਂ ਸੀ। ਅਦਾਕਾਰਾ ਨੇ ਭਵਿੱਖ ਵਿਚ ਤਬਦੀਲੀ ਦੀ ਆਸ ‘ਚ ਇਸ ਮਾਮਲੇ ਨੂੰ ਲਾਰਡਜ਼ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਸ੍ਰੀਜੀਤ ਮੁਖਰਜੀ ਦੁਆਰਾ ਨਿਰਦੇਸ਼ਤ ਅਤੇ ਵਾਇਕਾਮ 18 ਸਟੂਡੀਓਜ਼ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ ‘ਸ਼ਾਬਾਸ਼ ਮਿੱਤੂ’ 15 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। -ਆਈਏਐੱਨਐੱਸ