ਬਰਮਿੰਘਮ, 25 ਜੁਲਾਈ
ਮੁੱਖ ਅੰਸ਼
- ਅਧਿਕਾਰੀਆਂ ‘ਤੇ ‘ਤਗ਼ਮਾ’ ਜਿਤਾਉਣ ਵਾਲੇ ਕੋਚ ਹਟਾਉਣ ਦਾ ਇਲਜ਼ਾਮ
- ਖੇਤ ਮੰਤਰਾਲੇ ਵੱਲੋਂ ਤੁਰੰਤ ਲੋੜੀਂਦੇ ਪ੍ਰਬੰਧ ਕਰਨ ਦੇ ਹੁਕਮ
ਉਲੰਪਿਕ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਅੱਜ ਦੋਸ਼ ਲਾਇਆ ਕਿ ਉਸ ਦੇ ਕੋਚ ਨੂੰ ਅਧਿਕਾਰੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਨਾਲ ਰਾਸ਼ਟਰਮੰਡਲ ਖੇਡਾਂ ਦੀ ਉਸ ਦੀ ਤਿਆਰੀ ਵਿਚ ਅੜਿੱਕਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਆਸਤ ਖੇਡ ਤਿਆਰੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਭਾਰਤੀ ਮੁੱਕੇਬਾਜ਼ੀ ਟੀਮ ਐਤਵਾਰ ਰਾਤ ਆਇਰਲੈਂਡ ਵਿਚ ਪ੍ਰੈਕਟਿਸ ਸੈਸ਼ਨ ਤੋਂ ਬਾਅਦ ਇੱਥੇ ਖੇਡ ਪਿੰਡ ਪੁੱਜੀ ਸੀ, ਪਰ ਲਵਲੀਨਾ ਦੀ ਨਿੱਜੀ ਕੋਚ ਸੰਧਿਆ ਗੁਰੁੰਗ ਖੇਡ ਪਿੰਡ ਵਿਚ ਦਾਖਲ ਨਹੀਂ ਹੋ ਸਕੀ ਕਿਉਂਕਿ ਉਸ ਦੇ ਕੋਲ ਮਾਨਤਾ ਨਹੀਂ ਸੀ। ਲਵਲੀਨਾ ਸੰਭਾਵੀ ਤੌਰ ‘ਤੇ ਰਾਸ਼ਟਰਮੰਡਲ ਖੇਡਾਂ ਦੌਰਾਨ ਆਪਣੇ ਨਿੱਜੀ ਕੋਚ ਅਮੇਅ ਕੋਲੇਕਰ ਨੂੰ ਨਾਲ ਰੱਖਣਾ ਚਾਹੁੰਦੀ ਸੀ, ਪਰ ਉਹ ਭਾਰਤੀ ਦਲ ਦੀ ਲੰਮੀ ਸੂਚੀ ਵਿਚ ਸ਼ਾਮਲ ਨਹੀਂ ਹੋ ਸਕੇ। ਲਵਲੀਨਾ ਨੇ ਟਵਿੱਟਰ ਉਤੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਲੰਪਿਕ ਤਗਮਾ ਜਿੱਤਣ ਵਿਚ ਮਦਦ ਕਰਨ ਵਾਲੇ ਕੋਚ ਨੂੰ ਅਭਿਆਸ ਤੇ ਮੁਕਾਬਲੇ ਵੇਲੇ ਹਰ ਵਾਰ ਹਟਾ ਕੇ ਤੰਗ ਕੀਤਾ ਜਾ ਰਿਹਾ ਹੈ। ਦੋਵਾਂ ਕੋਚਾਂ ਨੂੰ ਸੈਸ਼ਨ ਵਿਚ ਅਭਿਆਸ ਲਈ ਹਜ਼ਾਰ ਵਾਰ ਹੱਥ ਜੋੜਨ ਤੋਂ ਬਾਅਦ ਬਹੁਤ ਦੇਰੀ ਨਾਲ ਸ਼ਾਮਲ ਕੀਤਾ ਜਾਂਦਾ ਹੈ। ਖੇਡ ਮੰਤਰਾਲੇ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤੀ ਉਲੰਪਿਕ ਸੰਘ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਲਵਲੀਨਾ ਦੇਸ਼ ਦਾ ਮਾਣ ਹੈ ਤੇ ਸਰਕਾਰ ਨੂੰ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। -ਪੀਟੀਆਈ