ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੁਲਾਈ
ਫ਼ਿਲਮੀ ਅਦਾਕਾਰਾ ਜ਼ੀਨਤ ਅਮਾਨ ਨੇ ਅੱਜ ਇੱਥੇ ਅੰਮ੍ਰਿਤਸਰ ਦੇ ਵਿਕਾਸ ਅਤੇ ਸਮਾਜ ਭਲਾਈ ਵਿੱਚ ਯੋਗਦਾਨ ਪਾਉਣ ਵਾਲੀਆਂ ਵਡੇਰੀ ਉਮਰ ਦੀਆਂ ਔਰਤਾਂ ਦਾ ਸਨਮਾਨ ਕੀਤਾ। ਇਸ ਸਬੰਧੀ ਸਮਾਗਮ ਫਿੱਕੀ ਫਲੋ ਸੰਸਥਾ ਵੱਲੋਂ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਵੱਖ-ਵੱਖ ਔਰਤਾਂ ਨੂੰ ਆਪੋ-ਆਪਣੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਨਮਾਨਿਆ ਗਿਆ। ਇਨ੍ਹਾਂ ਵਿੱਚ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਹਿਲਾ ਰੋਗਾਂ ਦੀ ਮਾਹਿਰ ਡਾ. ਜਸਜੀਤ, ਕੌਮਾਂਤਰੀ ਲੋਕ ਨ੍ਰਿਤ ਵਿੱਚ ਹਿੱਸਾ ਲੈਣ ਵਾਲੀ ਡਾ. ਸੁਪ੍ਰਭਾ ਆਰੀਆ, ਸ਼ੁਕਲਾ ਸੇਠ, 93 ਸਾਲਾ ਲੇਖਕ ਤੇ ਸਿੱਖਿਆ ਸ਼ਾਸਤਰੀ ਡਾ. ਸਰੋਜ ਸਨਨ ਅਤੇ ਅੰਬਿਕਾ ਓਮ ਪ੍ਰਕਾਸ਼ ਸ਼ਾਮਲ ਹਨ। ਜ਼ੀਨਤ ਅਮਾਨ ਨੇ ਆਖਿਆ ਕਿ ਉਹ ਇਨ੍ਹਾਂ ਔਰਤਾਂ ਨੂੰ ਮਿਲ ਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਔਰਤਾਂ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਅੰਮ੍ਰਿਤਸਰ ਨੂੰ ਗਰਮਜੋਸ਼ੀ ਨਾਲ ਮਹਿਮਾਨ ਨਿਵਾਜ਼ੀ ਕਰਨ ਵਾਲਿਆਂ ਦਾ ਸ਼ਹਿਰ ਆਖਿਆ। ਇੱਥੇ ਦੱਸਣਯੋਗ ਹੈ ਕਿ ਜ਼ੀਨਤ ਅਮਾਨ ਨੇ 70 ਅਤੇ 80ਵੇਂ ਦੇ ਦਹਾਕੇ ਵਿੱਚ ਫ਼ਿਲਮਾਂ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਸੀ।
ਇਸ ਦੌਰਾਨ ਫਿੱਕੀ ਫਲੋ ਸੰਸਥਾ ਦੀ ਮੁਖੀ ਸ਼ਿਖਾ ਸਰੀਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿੱਚ ਹਰਿਆਵਲ ਮੁਹਿੰਮ ਵੀ ਆਰੰਭ ਕੀਤੀ ਜਾ ਰਹੀ ਹੈ। ਇਹ ਮੁਹਿੰਮ ਵਾਤਾਵਰਨ ਪ੍ਰੇਮੀ ਜੋੜੇ ਗਿਤਾਂਜਲੀ ਮਹਿਰਾ ਅਤੇ ਰੋਹਿਤ ਮਹਿਰਾ ਦੇ ਸਹਿਯੋਗ ਨਾਲ ਚਲਾਈ ਜਾਵੇਗੀ।