ਬਰਮਿੰਘਮ, 31 ਜੁਲਾਈ
ਕੁਆਰਟਰ ਫਾਈਨਲ ਵਿਚ ਪਹਿਲਾਂ ਹੀ ਥਾਂ ਪੱਕੀ ਕਰ ਚੁੱਕੀ ਭਾਰਤੀ ਬੈਡਮਿੰਟਨ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਮੁਕਾਬਲੇ ਦੇ ਆਖਰੀ ਗਰੁੱਪ ਏ ਮੈਚ ਵਿਚ ਆਸਟਰੇਲੀਆ ਨੂੰ ਹਰਾ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਪਾਕਿਸਤਾਨ ਤੇ ਸ੍ਰੀਲੰਕਾ ਖ਼ਿਲਾਫ਼ 5-0 ਨਾਲ ਪ੍ਰਭਾਵਸ਼ਾਲੀ ਜਿੱਤ ਦਰਜ ਕਰਨ ਵਾਲੀ ਸਾਬਕਾ ਚੈਂਪੀਅਨ ਭਾਰਤੀ ਟੀਮ ਨੇ ਸ਼ਨਿਚਰਵਾਰ ਨੂੰ ਇੱਥੇ ਆਸਟਰੇਲੀਆ ਨੂੰ 4-1 ਨਾਲ ਹਰਾ ਕੇ ਗਰੁੱਪ ਵਿਚ ਸਿਖ਼ਰਲਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜੇਤੂ ਕਿਦਾਂਬੀ ਸ੍ਰੀਕਾਂਤ ਨੇ ਆਸਟਰੇਲੀਆ ਦੇ ਲਿਨ ਜਿਆਂਗ ਯਿੰਗ ਨੂੰ 21-14, 21-13 ਨਾਲ ਮਾਤ ਦਿੱਤੀ। ਇਸ ਲੈਅ ਨੂੰ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੇ ਚੇਨ ਵੇਂਡੀ ਹੁਆਨ-ਯੂ ਨੂੰ 21-10, 21-12 ਨਾਲ ਹਰਾ ਕੇ ਜਾਰੀ ਰੱਖਿਆ। ਇਸ ਨਾਲ ਭਾਰਤ ਦੀ ਲੀਡ 2-0 ਹੋ ਗਈ। ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਸੁਮਿਤ ਤੇ ਚਿਰਾਗ ਦੀ ਜੋੜੀ ਨੇ ਟਰੈਨ ਹੋਆਂਗ ਫਾਮ ਤੇ ਜੈਕ ਯੂ ਦੀ ਜੋੜੀ ਨੂੰ 21-16, 21-19 ਨਾਲ ਮਾਤ ਦੇ ਕੇ ਭਾਰਤ ਦੀ ਲੀਡ ਨੂੰ 3-0 ਕਰ ਦਿੱਤਾ। ਭਾਰਤ ਨੂੰ ਹਾਲਾਂਕਿ ਲੀਡ ਹਾਸਲ ਕਰਨ ਦੇ ਬਾਵਜੂਦ ਮਹਿਲਾ ਡਬਲਜ਼ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਆਪਣਾ ਮੁਕਾਬਲਾ ਹਾਰ ਗਈ। ਮਿਕਸਡ ਡਬਲਜ਼ ਮੈਚ ਵਿਚ ਬੀ. ਸੁਮਿਤ ਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਜਿੱਤ ਦਰਜ ਕੀਤੀ। -ਪੀਟੀਆਈ