ਮੁੰਬਈ: ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਦੇ 13ਵੇਂ ਐਡੀਸ਼ਨ ਵਿੱਚ ‘ਗੰਗੂਬਾਈ ਕਾਠੀਆਵਾੜੀ’, ‘ਬਧਾਈ ਦੋ’, ‘ਜੈ ਭੀਮ’, ’83’ ਅਤੇ ‘ਮੀਨਲ ਮੁਰਲੀ’ ਸਣੇ ਕਈ ਹੋਰ ਫਿਲਮਾਂ ਬਿਹਤਰੀਨ ਸ਼੍ਰੇਣੀ ਵਿੱਚ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸਾਲ ‘ਜੈ ਭੀਮ’, ‘ਦਿ ਰੇਪਿਸਟ’, ‘ਗੰਗੂਬਾਈ ਕਾਠੀਆਵਾੜੀ’, ’83’, ‘ਬਧਾਈ ਦੋ’ ਤੇ ‘ਸਰਦਾਰ ਊਧਮ’ ਤੇ ਹੋਰ ਫਿਲਮਾਂ ਦੇ ਅਦਾਕਾਰਾਂ ਸਣੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸੇ ਦੌਰਾਨ ਜਿਥੇ ਹਿੰਦੀ ਫਿਲਮਾਂ ਵਿੱਚ ‘ਪੇਡਰੋ’, ‘ਵੰਸ ਅਪੌਨ ਏ ਟਾਈਮ ਇਨ ਕੈਲਕਟਾ’, ‘ਫੇਅਰ ਫੋਕ’ ਚੰਗੀ ਵਾਹ-ਵਾਹ ਖੱਟੀ, ਉੱਥੇ ‘ਉਰਫ਼’, ‘ਆਈਨਾ’ ਅਤੇ ‘ਲੇਡੀਜ਼ ਓਨਲੀ’ ਬਿਹਤਰੀਨ ਦਸਤਾਵੇਜ਼ੀ ਵਜੋਂ ਚੁਣੀਆਂ ਗਈਆਂ। ਇਸ ਦੌਰਾਨ ਚੁਣੀ ਗਈ ਬਿਹਤਰੀਨ ਫ਼ਿਲਮ ਆਸਟਰੇਲੀਅਨ ਅਕੈਡਮੀ ਆਫ ਸਿਨੇਮਾ ਅਤੇ ਟੈਲੀਵਿਜ਼ਨ ਆਰਟਸ ਐਵਾਰਡ ਵਿੱਚ ਬਿਹਤਰੀਨ ਏਸ਼ੀਅਨ ਫਿਲਮ ਸ਼੍ਰੇਣੀ ਵਿੱਚ ਸ਼ਾਮਲ ਕੀਤੀ ਜਾਵੇਗੀ। ਫਿਲਮ ‘ਪੇਡਰੋ’ ਲਈ ਗੋਪਾਲ ਹੇਗੜੇ, ‘ਬਧਾਈ ਦੋ’ ਲਈ ਰਾਜਕੁਮਾਰ ਰਾਓ’ ਅਤੇ ’83’ ਲਈ ਰਣਵੀਰ ਸਿੰਘ ਸਣੇ ਸੂਰਿਆ, ਤੋਵੀਨੋ ਥੌਮਸ, ਵਿੱਕੀ ਕੌਸ਼ਲ ਅਤੇ ਅਭਿਸ਼ੇਕ ਨੂੰ ਬਿਹਤਰੀਨ ਅਦਾਕਾਰਾਂ ਵਜੋਂ ਚੁਣਿਆ ਗਿਆ ਹੈ। ਇਸੇ ਦੌਰਾਨ ਆਲੀਆ ਭੱਟ, ਦੀਪਿਕਾ ਪਾਦੂਕੋਨ, ਭੂਮੀ ਪੇਡਨੇਕਰ, ਕੋਂਕਣਾ ਸੇਨ ਸ਼ਰਮਾ, ਲੀਜੋਮੋਲ ਜੋਸ, ਸ਼ੇਫ਼ਾਲੀ ਸ਼ਾਹ, ਸ੍ਰੀਲੇਖਾ ਮਿਤਰਾ ਅਤੇ ਵਿਦਿਆ ਬਾਲਨ ਬਿਹਤਰੀਨ ਅਦਾਕਾਰਾ ਵਜੋਂ ਚੁਣੀਆਂ ਗਈਆਂ। ਇਸੇ ਦੌਰਾਨ ਪਾਕਿਸਤਾਨ ਦੀ ‘ਜੁਆਏਲੈਂਡ’, ਬੰਗਲਾਦੇਸ਼ ਦੀ ‘ਨੋ ਮੈਨਜ਼ ਲੈਂਡ’ ਅਤੇ ਸ੍ਰੀਲੰਕਾ ਦੀ ‘ਦਿ ਨਿਊਜ਼ਪੇਪਰ’ ਨੂੰ ਬਿਹਤਰੀਨ ਫਿਲਮਾਂ ਵਜੋਂ ਚੁਣਿਆ ਗਿਆ ਹੈ। -ਆਈਏਐੱਨਐੱਸ