ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਸ ਵੇਲੇ ਰੁਝੇਵਿਆਂ ਭਰੀ ਜ਼ਿੰਦਗੀ ਜਿਊਂ ਰਹੀ ਹੈ। ਰਣਬੀਰ ਕਪੂਰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਜੇਕਰ ਉਸ ਦੀ ਪੇਸ਼ੇਵਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦੇ ਦੋ ਵੱਡੇ ਪ੍ਰਾਜੈਕਟ ਰਿਲੀਜ਼ ਹੋਣ ਲਈ ਤਿਆਰ ਹਨ। ਉਸ ਦੀ ਓਟੀਟੀ ਪਲੈਟਫਾਰਮ ‘ਤੇ ਫਿਲਮ ‘ਡਾਰਲਿੰਗਜ਼’ ਅਤੇ ‘ਬ੍ਰਹਮਾਸਤਰ: ਪਾਰਟ ਵਨ ਸ਼ਿਵਾ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੋਵੇਂ ਪ੍ਰੋਜੈਕਟ ਆਲੀਆ ਲਈ ਬਹੁਤ ਖਾਸ ਹਨ। ਫਿਲਮ ‘ਡਾਰਲਿੰਗਜ਼’ ਨੈੱਟਫਲਿਕਸ ‘ਤੇ ਆਵੇਗੀ ਜਿਸ ਵਿੱਚ ਉਹ ਸ਼ੇਫਾਲੀ ਸ਼ਾਹ ਅਤੇ ਵਿਜੈ ਵਰਮਾ ਵਰਗੇ ਪਾਵਰਹਾਊਸ ਕਲਾਕਾਰਾਂ ਨਾਲ ਸਹਿ-ਅਦਾਕਾਰ ਵਜੋਂ ਕੰਮ ਕਰ ਰਹੀ ਹੈ। ਇਹ ਐਟਰਨਲ ਸਨਸ਼ਾਈਨ ਪ੍ਰੋਡਕਸ਼ਨ ਦੇ ਬੈਨਰ ਹੇਠ ਉਸ ਦੀ ਨਿਰਮਾਤਾ ਵਜੋਂ ਪਹਿਲੀ ਫਿਲਮ ਹੈ। ‘ਬ੍ਰਹਮਾਸਤਰ: ਪਾਰਟ ਵਨ-ਸ਼ਿਵਾ’ 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਜੋ ਪਤੀ ਰਣਬੀਰ ਕਪੂਰ ਨਾਲ ਉਸ ਦੀ ਪਹਿਲੀ ਫਿਲਮ ਹੈ। ਆਲੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਮੀਡੀਆ ਉਸ ਦੀ ਪੇਸ਼ੇਵਰ ਜ਼ਿੰਦਗੀ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਦੀ ਵੱਧ ਕਵਰੇਜ ਕਰ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਉਹ ਵੀ ਨਿੱਜੀ ਜ਼ਿੰਦਗੀ ਨੂੰ ਤਰਜੀਹ ਦੇ ਰਹੀ ਹੈ ਪਰ ਆਲੀਆ ਇਸ ਨਾਲ ਸਹਿਮਤ ਨਹੀਂ ਹੈੈ। ਉਹ ਦੱਸਦੀ ਹੈ ਕਿ ਆਮ ਲੋਕ ਇਸ ਗੱਲ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ਅਦਾਕਾਰਾਂ ਦੀ ਨਿੱਜੀ ਜ਼ਿੰਦਗੀ ਵਿਚ ਕੀ ਵਾਪਰ ਰਿਹਾ ਹੈ। ਆਲੀਆ ਨੇ ਦੱਸਿਆ ਕਿ ਉਹ ਝੂਠੀਆਂ ਖ਼ਬਰਾਂ ਤੋਂ ਬਹੁਤ ਖਿਝਦੀ ਹੈ। ਜਦ ਲੋਕ ਉਸ ਬਾਰੇ ਝੂਠੀਆਂ ਖ਼ਬਰਾਂ ਫੈਲਾਉਂਦੇ ਹਨ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਜਿਸ ਨੂੰ ਡਿਜੀਟਲ ਪਲੈਟਫਾਰਮ ‘ਤੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ। ਉਹ ਦਾਅਵਾ ਕਰਦੀ ਹੈ ਕਿ ਨਿਰਮਾਤਾ ਵਜੋਂ ਕੰਮ ਕਰਨ ਦਾ ਉਸ ‘ਤੇ ਕੋਈ ਪ੍ਰਭਾਵ ਨਹੀਂ ਪਿਆ। ‘ਡਾਰਲਿੰਗਜ਼’ ਦੀ ਸ਼ੂਟਿੰਗ ਵੇਲੇ ਉਹ ਫਿਲਮ ਦੇ ਨਿਰਮਾਤਾ ਵਜੋਂ ਘੱਟ ਬਲਕਿ ਅਦਾਕਾਰਾ ਵਜੋਂ ਵੱਧ ਵਿਚਰੀ। -ਆਈਏਐੱਨਐੱਸ