12.4 C
Alba Iulia
Thursday, May 9, 2024

ਹਾਸੇ ਵੰਡਦਾ ਭਜਨਾ ਅਮਲੀ

Must Read


ਦਰਸ਼ਨ ਸਿੰਘ ਪ੍ਰੀਤੀਮਾਨ

ਹਾਸਿਆਂ ਦੀਆਂ ਮਹਿਕਾਂ ਵੰਡਣਾ ਵੀ ਟਾਵੇਂ-ਟਾਵੇਂ ਦੇ ਹਿੱਸੇ ਆਉਂਦਾ ਹੈ। ਗੱਲ ਕਰਨੀ ਆਪ ਨਾ ਹੱਸਣਾ, ਦੂਜਿਆਂ ਨੂੰ ਹਸਾਉਣਾ, ਨਾਲੇ ਗੱਲਾਂ ਕਰੀ ਜਾਣੀਆਂ, ਨਾਲੇ ਲੋਕਾਂ ਦੇ ਢਿੱਡੀਂ ਪੀੜਾਂ ਪਵਾਈ ਜਾਣੀਆਂ ਬਹੁਤ ਵੱਡੀ ਕਲਾ ਹੈ। ਹੱਸਣ ਨਾਲ ਖੂਨ ਵਧਦਾ ਹੈ। ਦੁੱਖਾਂ, ਤਕਲੀਫ਼ਾਂ ਤੋਂ ਰਾਹਤ ਮਿਲਦੀ ਹੈ। ਹੱਸਣਾ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਉਦਾਸ ਹੋਈਆਂ ਰੂਹਾਂ ਨੂੰ ਮਿੰਟਾਂ ਵਿੱਚ ਤਰੋ-ਤਾਜ਼ਾ ਕਰ ਦੇਣਾ, ਇਹ ਡਾਕਟਰ ਦੇ ਵੱਸ ਦੀ ਗੱਲ ਨਹੀਂ। ਇਹ ਕਲਾ ਤਾਂ ਸਿਰਫ਼ ਹਾਸਿਆਂ ਦੇ ਵਣਜਾਰਿਆਂ ਦੇ ਹਿੱਸੇ ਹੀ ਆਉਂਦੀ ਹੈ। ਇਸ ਲੜੀ ਵਿੱਚ ਅਨੇਕਾਂ ਹਸਤੀਆਂ ਹਨ। ਇਨ੍ਹਾਂ ਵਿੱਚ ਇੱਕ ਨਾਂ ਆਉਂਦਾ ਹੈ, ਗੁਰਦੇਵ ਸਿੰਘ ਢਿੱਲੋਂ ਜੋ ਭਜਨਾ ਅਮਲੀ ਦੇ ਨਾਂ ਨਾਲ ਮਸ਼ਹੂਰ ਹੈ।

ਗੁਰਦੇਵ ਸਿੰਘ ਢਿੱਲੋਂ ਦਾ ਜਨਮ 5 ਫਰਵਰੀ 1953 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਕਰਤਾਰ ਸਿੰਘ ਦੇ ਘਰ ਇਤਿਹਾਸਕ ਪਿੰਡ ਲੰਬਾ-ਜੱਟਪੁਰਾ ਵਿਖੇ ਹੋਇਆ। ਦਲਜੀਤ ਕੌਰ ਉਸ ਦੀ ਜੀਵਨ ਸਾਥਣ ਬਣੀ। ਉਨ੍ਹਾਂ ਦੇ ਘਰ ਬੇਟੀਆਂ ਦਮਨਪ੍ਰੀਤ ਕੌਰ, ਕਿਰਨਦੀਪ ਕੌਰ ਤੇ ਧਨਜੀਤ ਕੌਰ ਅਤੇ ਬੇਟਾ ਲਖਨਵੀਰ ਸਿੰਘ ਢਿੱਲੋਂ ਦਾ ਜਨਮ ਹੋਇਆ। ਤਿੰਨ ਲੜਕੀਆਂ ਕਈ-ਕਈ ਡਿਗਰੀਆਂ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਬੇਟਾ ਵੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ।

ਭਜਨੇ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਨੇ ਜਗਮੋਹਣ ਕੌਰ, ਪਰਮਿੰਦਰ ਸੰਧੂ ਤੇ ਸੁਚੇਤ ਬਾਲਾ ਨਾਲ ਵੀ ਗਾਇਆ ਅਤੇ ਜਸਵਿੰਦਰਜੀਤ ਨਾਲ ਬਹੁਤ ਸਾਰੇ ਦੋਗਾਣੇ ਰਿਕਾਰਡ ਕਰਵਾਏ। ਭਜਨੇ ਅਮਲੀ ਦੀ ਸੁਮਿਤਾ ਸੁਮਨ ਉਰਫ਼ ਸੰਤੀ ਨਾਲ ਜੋੜੀ ਖੂਬ ਜਚਦੀ ਹੈ। ਉਹ ਜਿੱਥੇ ਵੀ ਆਪਣਾ ਪ੍ਰੋਗਰਾਮ ਲਾਉਂਦਾ ਹੈ, ਉੱਥੇ ਸਰੋਤਿਆਂ ਦੇ ਢਿੱਡੀ ਪੀੜਾਂ ਪਾਉਂਦਾ ਹੈ। ਕਿਧਰੋਂ ਗੱਲਾਂ ਮਿੱਠੀਆਂ-ਕੌੜੀਆਂ ਲਿਆ ਕੇ ਸਰੋਤਿਆਂ ਦੀ ਝੋਲੀ ਵਿੱਚ ਪਾਉਂਦਾ ਹੈ। ਵੱਡਿਆਂ ਦੀ ਹਵਾ ਕੱਢਣਾ, ਰੋਂਦਿਆਂ ਨੂੰ ਹਸਾਉਣਾ ਉਸ ਦੀ ਬਾਣ ਬਣ ਗਈ ਹੈ।

ਕਲਾਕਾਰ ਨਸ਼ੇ ਵਿੱਚ ਡੁੱਬ ਰਹੀ ਜਵਾਨੀ ਨੂੰ ਆਪਣੇ ਵਿਅੰਗਾਂ ਰਾਹੀਂ ਸਮਝਾਉਂਦਾ ਹੈ। ਕਦੇ ਨੇਤਾ ਬਣਕੇ, ਕਦੇ ਸੱਪਾਂ ਵਾਲਾ ਬਣਕੇ, ਸੱਪ ਫੜੀ ਜਾਂਦਾ ਹੈ। ਵਹਿਮਾਂ-ਭਰਮਾਂ ਵਿੱਚ ਫਸੇ ਲੋਕਾਂ ਨੂੰ ਇਸ਼ਾਰਿਆਂ ਨਾਲ ਸਮਝਾਉਂਦਾ ਹੈ। ਉਹ ਦਾਜ-ਪ੍ਰਥਾ, ਭਰੂਣ ਹੱਤਿਆ, ਅਜੋਕੀ ਸਿਆਸਤ ਦੇ ਸਭ ਪਰਦੇ ਵੀ ਚੁੱਕ ਧਰਦਾ ਹੈ ਤੇ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਸ ਦੀਆਂ ਕੈਸੇਟਾਂ ‘ਮਹਿਫ਼ਲ ਅਮਲੀ ਦੀ’, ‘ਤਾਰਾ ਡੁੱਬ ਗਿਆ’, ‘ਭਜਨਾ ਅਮਲੀ’, ‘ਭਾਂਗਾ ਕੱਢ ਦਿਆਂਗੇ’, ‘ਪੁਲੀਸ ਕੁਟਾਪਾ’, ‘ਕਾਟੋ ਅਮਲੀ ਦੀ’, ‘ਭਜਨਾ ਅਮਲੀ ਖੋਤੇ ‘ਤੇ’ ਅਤੇ ‘ਭਜਨਾ ਬਣ ਗਿਆ ਨੇਤਾ’ ਆਦਿ ਮਾਰਕੀਟ ਵਿੱਚ ਆਈਆਂ ਹਨ। ਉਸ ਦੀਆਂ ਲਗਭਗ 120 ਆਡੀਓ-ਵੀਡੀਓ ਸੀਡੀ’ਜ਼ ਰਿਲੀਜ਼ ਹੋ ਚੁੱਕੀਆਂ ਹਨ ਅਤੇ ਉਸ ਨੇ 20-25 ਧਾਰਮਿਕ ਕੈਸੇਟਾਂ ਵਿੱਚ ਕਾਮੇਡੀ ਕੀਤੀ ਹੈ। ਕਲਾਕਾਰ ਨੇ ‘ਉੱਚਾ ਪਿੰਡ’, ‘ਦੇਹਿ ਸ਼ਿਵਾ ਬਰ ਮੋਹਿ’, ‘ਮੋਹ ਪੰਜਾਬ ਦਾ’, ‘ਜੱਟ ਇਨ ਮੂਡ’, ‘ਖਾਣੀ’ ਆਦਿ ਫਿਲਮਾਂ ਵਿੱਚ ਕੰਮ ਕੀਤਾ ਹੈ।

ਢਿੱਲੋਂ ਨੇ ਆਪਣੇ ਉਸਤਾਦ ਮਰਹੂਮ ਹਰਚਰਨ ਸਿੰਘ ਗਰੇਵਾਲ ਤੇ ਕੇ ਦੀਪ ਨਾਲ ਅਣਗਿਣਤ ਸਟੇਜਾਂ ਕਰੀਆਂ ਅਤੇ ਹਾਸਰਸ ਕਲਾ ਤੇ ਗਾਇਕੀ ਦੇ ਗੁਰ ਸਿੱਖੇ। ਉਸ ਨੂੰ ਬੇਸ਼ੁਮਾਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੰਘਰਸ਼ ਭਰੇ ਰਾਹਾਂ ਦਾ ਪਾਂਧੀ, ਕਲਾਕਾਰੀ ਰਾਹੀਂ ਸਮਾਜ ਦੀ ਸੇਵਾ ਕਰ ਰਿਹਾ ਹੈ। ਉਹ ਵਿਅੰਗ ਭਰਪੂਰ ਮਸਾਲੇ ਦੇ ਨਾਲ, ਸਮਾਜਿਕ ਸੇਧ ਵੀ ਪ੍ਰਦਾਨ ਕਰਦਾ ਹੈ। ਜਿੱਥੇ ਵੀ ਭਜਨੇ ਅਮਲੀ ਤੇ ਸੰਤੀ ਦਾ ਪ੍ਰੋਗਰਾਮ ਹੋਣਾ ਹੋਵੇ, ਲੋਕ ਦੂਰੋਂ-ਦੂਰੋਂ ਵਹੀਰਾ ਘੱਤ ਕੇ ਜਾਂਦੇ ਹਨ। ਕਲਾਕਾਰ ਆਪਣੇ ਸੁਭਾਅ ਮੁਤਾਬਕ ਰੋਂਦਿਆਂ ਨੂੰ ਹਸਾ ਕੇ, ਭੁੱਖਿਆਂ ਨੂੰ ਰਜਾ ਕੇ ਤੋਰਦੇ ਹਨ। ਉਹ ਇਕੱਲਾ ਕਲਾਕਾਰੀ ਵਿੱਚ ਹੀ ਨਹੀਂ, ਸਮਾਜ ਸੇਵਾ ਵਿੱਚ ਵੀ ਗਰੀਬ ਕੁੜੀਆਂ ਦੇ ਵਿਆਹ ਕਰਨੇ ਅਤੇ ਲੋੜਵੰਦਾਂ ਦਾ ਮੁਫ਼ਤ ਇਲਾਜ ਕਰਵਾਉਣ ਵਿੱਚ ਯੋਗਦਾਨ ਪਾਉਂਦਾ ਹੈ।

ਭਜਨਾ ਅਮਲੀ ਬਣਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਹਰ ਗੱਲ ਵਿਅੰਗਮਈ ਢੰਗ ਨਾਲ ਹਾਸੇ ਦੀ ਪੁੱਠ ਦੇ ਕੇ ਕਰਨੀ, ਇੱਕ ਬਹੁਤ ਵੱਡੀ ਕਲਾ ਹੈ ਜੋ ਜਾਦੂ ਦਾ ਕੰਮ ਕਰਦੀ ਹੈ। ਇਹ ਵਿਰਲੇ- ਟਾਵਿਆਂ ਨੂੰ ਹੀ ਨਸੀਬ ਹੁੰਦੀ ਹੈ। ਭਜਨੇ ਅਮਲੀ ਦੀਆਂ ਗੱਲਾਂ ਆਮ ਹੀ ਹੱਟੀ, ਸੱਥੀ, ਭੱਠੀ ਦੀਆਂ ਹੁੰਦੀਆਂ ਹਨ। ਉਸ ਕੋਲ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਵੱਲ ਹੈ। ਸ਼ਾਲਾ! ਮਾਂ ਬੋਲੀ ਪੰਜਾਬੀ ਦਾ ਇਹ ਕਲਾਕਾਰ ਹਾਸਿਆਂ ਦੀਆਂ ਮਹਿਕਾਂ ਵੰਡਦਾ ਰਹੇ।
ਸੰਪਰਕ: 98786-06963



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -