ਚੰਡੀਗੜ੍ਹ (ਟ੍ਰਿਬਿਊਨ ਵੈੱਸ ਡੈਸਕ): ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਅਦਾਕਾਰਾ ਮੋਨਾ ਸਿੰਘ ਤੇ ਹੋਰ ਸਹਿ ਕਲਾਕਾਰ ਵੀ ਮੌਜੂਦ ਸਨ। ਆਮਿਰ ਖਾਨ ਅੱਜ ਸਵੇਰੇ ਲਗਪਗ ਸਾਢੇ ਪੰਜ ਵਜੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਅਤੇ ਲਗਪਗ ਇਕ ਘੰਟਾ ਗੁਰੂ ਘਰ ਵਿੱਚ ਰਿਹਾ। ਉਸ ਦਾ ਇਹ ਦੌਰਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇਹ ਫ਼ਿਲਮ ਸਾਲ 1994 ਵਿੱਚ ਆਈ ਟੌਮ ਹਾਂਕਸ ਦੀ ਫ਼ਿਲਮ ‘ਫੋਰੈਸਟ ਗੰਪ’ ਦਾ ਹਿੰਦੀ ਰੀਮੇਕ ਹੈ। ਆਮਿਰ ਖਾਨ ਨੇ ਆਖਿਆ,”ਮੈਨੂੰ ਫ਼ਿਲਮ ਦੀ ਰਿਲੀਜ਼ ਸਬੰਧੀ ਬਹੁਤ ਘਬਰਾਹਟ ਹੈ। ਮੈਂ ਪਿਛਲੇ 48 ਘੰਟੇ ਤੋਂ ਸੁੱਤਾ ਨਹੀਂ ਹਾਂ। ਮੇਰਾ ਦਿਮਾਗ ਥੱਕ ਚੁੱਕਿਆ ਹੈ। ਮੈਂ ਖੁਦ ਨੂੰ ਰੁਝੇਵੇਂ ਵਿੱਚ ਰੱਖਣ ਲਈ ਆਨਲਾਈਨ ਚੈਸ ਖੇਡਦਾ ਅਤੇ ਕਿਤਾਬਾਂ ਪੜ੍ਹਦਾ ਰਿਹਾ ਹਾਂ। ਮੈਂ ਹੁਣ 11 ਅਗਸਤ ਤੋਂ ਬਾਅਦ ਹੀ ਸੌਂ ਸਕਦਾ ਹਾਂ।” ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਕਹਾਣੀ ਅਤੁਲ ਕੁਲਕਰਨੀ ਨੇ ਲਿਖੀ ਹੈ ਅਤੇ ਇਸ ਫ਼ਿਲਮ ਵਿੱਚ ਕਰੀਨਾ ਕਪੂਰ ਖਾਨ, ਨਾਗਾ ਚੇਤੰਨਿਆ ਅਤੇ ਮੋਨਾ ਸਿੰਘ ਅਹਿਮ ਭੂਮਿਕਾਵਾਂ ਵਿੱਚ ਹਨ। ਦੂਜੇ ਪਾਸੇ ਇੰਟਰਨੈਟ ਵਰਤੋਂਕਾਰਾਂ ਨੇ ਟਵਿੱਟਰ ‘ਤੇ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਉਹ ਹਰ ਕਿਸੇ ਨੂੰ ਫ਼ਿਲਮ ਨਾ ਦੇਖਣ ਲਈ ਕਹਿ ਰਹੇ ਹਨ। ਉਨ੍ਹਾਂ ਨੇ ਆਮਿਰ ਖਾਨ ਦੇ ਉਸ ਬਿਆਨ ਨੂੰ ਮੁੱਦਾ ਬਣਾਇਆ ਹੈ, ਜਿਸ ਵਿੱਚ ਉਸ ਨੇ ਆਖਿਆ ਸੀ ਕਿ ‘ਭਾਰਤ ਵਿੱਚ ਸਹਿਣਸ਼ੀਲਤਾ ਖ਼ਤਮ’ ਹੋ ਗਈ ਹੈ। ਹਾਲਾਂਕਿ ਕੁਝ ਲੋਕ ਪਿਛਲੇ ਸਮੇਂ ਕਰੀਨਾ ਕਪੂਰ ਵੱਲੋਂ ਦਿੱਤੇ ਗਏ ਕਥਿਤ ਵਿਵਾਦਤ ਬਿਆਨਾਂ ਨੂੰ ਮੁੱਦਾ ਬਣਾ ਰਹੇ ਹਨ। ਆਮਿਰ ਖਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਹੈ। ਅਦਾਕਾਰ ਨੇ ਆਖਿਆ,”ਹਾਂ, ਮੈਂ ਦੁਖੀ ਹਾਂ, ਕਿਉਂਕਿ ਕੁਝ ਲੋਕ ਕਹਿ ਰਹੇ ਹਨ ਕਿ ਮੈਂ ਭਾਰਤ ਨੂੰ ਪਸੰਦ ਨਹੀਂ ਕਰਦਾ ਪਰ ਅਜਿਹਾ ਨਹੀਂ ਹੈ। ਮੈਂ ਸੱਚਮੁਚ ਦੇਸ਼ ਨੂੰ ਪਿਆਰ ਕਰਦਾ ਹਾਂ..!