ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਹਾਲ ਹੀ ਵਿੱਚ ਡਿਜੀਟਲ ਪਲੈਟਫਾਰਮ ‘ਤੇ ਰਿਲੀਜ਼ ਹੋਈ ਫ਼ਿਲਮ ‘ਡਾਰਲਿੰਗਜ਼’ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹੈ। ਉਸ ਨੇ ਅੱਜ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਰਣਬੀਰ ਕਪੂਰ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੇ ਗਾਣੇ ‘ਦੇਵਾ ਦੇਵਾ’ ਉੱਤੇ ਥਿਰਕਦਾ ਨਜ਼ਰ ਆ ਰਿਹਾ ਹੈ। ਫ਼ਿਲਹਾਲ ਆਲੀਆ ਅਤੇ ਰਣਬੀਰ ਇਟਲੀ ਵਿੱਚ ਛੁੱਟੀਆਂ ਮਨਾ ਰਹੇ ਹਨ। ਇਸ ਵੀਡੀਓ ਵਿੱਚ ਅਦਾਕਾਰ ਰਣਬੀਰ ਕਪੂਰ ਗੀਤ ‘ਦੇਵਾ ਦੇਵਾ’ ਉੱਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਰਣਬੀਰ ਨੇ ਸਾਧਾਰਨ ਕੱਪੜੇ ਪਹਿਨੇ ਹੋਏ ਹਨ ਅਤੇ ਐਨਕਾਂ ਲਾਈਆਂ ਹੋਈਆਂ ਹਨ। ਆਲੀਆ ਨੇ ਵੀਡੀਓ ਦੀ ਕੈਪਸ਼ਨ ਲਿਖਦਿਆਂ ਆਖਿਆ,”ਮੇਰੀ ਜ਼ਿੰਦਗੀ ਦੀ ਰੁਸ਼ਨਾਉਣ ਵਾਲਾ..! ਆਲੀਆ ਤੇ ਰਣਬੀਰ ਨੇ ਕੁਝ ਸਾਲ ਡੇਟਿੰਗ ਕਰਨ ਮਗਰੋਂ ਲੰਘੇ ਅਪਰੈਲ ਮਹੀਨੇ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਪਿਆਰ ਦੀ ਕਹਾਣੀ ਫ਼ਿਲਮ ‘ਬ੍ਰਹਮਾਸਤਰ’ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਇਸ ਫ਼ਿਲਮ ਦੀ ਸ਼ੂਟਿੰਗ ਕਾਫੀ ਲੰਮਾ ਸਮਾਂ ਚੱਲੀ ਹੈ ਅਤੇ ਇਹ ਫ਼ਿਲਮ ਆਗਾਮੀ 9 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫ਼ਿਲਮ ਵਿੱਚ ਸੁਪਰਸਟਾਰ ਅਮਿਤਾਭ ਬੱਚਨ, ਮੌਨੀ ਰੌਏ ਅਤੇ ਨਾਗਾਰਜੁਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਆਲੀਆ ਦੀ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫ਼ਿਲਮ ‘ਡਾਰਲਿੰਗਜ਼’ ਵੀ ਸਫ਼ਲ ਰਹੀ ਅਤੇ ਇਸ ਫ਼ਿਲਮ ਵਿੱਚ ਆਲੀਆ ਨਾਲ ਸ਼ੇਫਾਲੀ ਸ਼ਾਹ ਅਤੇ ਵਿਜੇ ਵਰਮਾ ਤੇ ਰਣਬੀਰ ਅਹਿਮ ਭੂਮਿਕਾਵਾਂ ਵਿੱਚ ਹਨ, ਜਿਹੜੇ ਛੋਟੇ ਪਰਦੇ ‘ਤੇ ਫ਼ਿਲਮ ‘ਸੰਜੂ’ ਤੋਂ ਬਾਅਦ ਸਾਲ ਮਗਰੋਂ ਇਕੱਠੇ ਨਜ਼ਰ ਆਏ ਹਨ। -ਆਈਏਐੱਨਐੱਸ