ਜਗਮੋਹਨ ਸਿੰਘ
ਘਨੌਲੀ, 14 ਅਗਸਤ
ਪੰਜਾਬ ਦੇ ਮਸ਼ਹੂਰ ਢਾਡੀ ਅਤੇ ਭਾਈ ਨੱਥਾ ਜੀ ਅਬਦੁੱਲਾ ਜੀ ਢਾਡੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗਿਆਨੀ ਰਣਜੀਤ ਸਿੰਘ ਰਾਣਾ ਦਾ ਬੀਤੀ ਰਾਤ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸ੍ਰੀ ਰਾਣਾ ਦੇ ਢਾਡੀ ਜਥੇ ਦੀ ਮੈਂਬਰ ਲੜਕੀ ਦੇ ਪਿਤਾ ਦੀ ਕੱਲ੍ਹ ਸ਼ਾਮ ਮੌਤ ਹੋ ਗਈ ਸੀ, ਜਿਸ ਸਬੰਧੀ ਪਤਾ ਲੱਗਣ ‘ਤੇ ਸ੍ਰੀ ਰਾਣਾ ਰਾਤ ਨੂੰ ਹੀ ਆਪਣੇ ਮੋਟਰਸਾਈਕਲ ‘ਤੇ ਲੁਧਿਆਣਾ ਤੋਂ ਅੱਗੇ ਸਥਿਤ ਪਿੰਡ ਲਈ ਰਵਾਨਾ ਹੋ ਗਏ। ਰਾਤ ਇੱਕ ਵਜੇ ਦੇ ਕਰੀਬ ਉਹ ਲੁਧਿਆਣਾ ਨੇੜੇ ਪੁੱਜੇ ਤਾਂ ਸੜਕ ‘ਤੇ ਖੱਡੇ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਉਹ ਡਿੱਗ ਕੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸੀਐੱਮਸੀ ਲੁਧਿਆਣਾ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।