ਹੈਦਰਾਬਾਦ: ਅਦਾਕਾਰ ਵਿਜੈ ਦੇਵਰਕੋਂਡਾ ਨੇ ਅੱਜ ਦਾਅਵਾ ਕੀਤਾ ਕਿ ਉਸ ਦੀ ਫਿਲਮ ‘ਲਾਈਗਰ’ 25 ਅਗਸਤ ਨੂੰ ਰਿਲੀਜ਼ ਹੋਣ ‘ਤੇ ਦੇਸ਼ ਭਰ ਵਿਚ ਹਿੱਟ ਹੋਵੇਗੀ। ਵਿਜੈ ਆਪਣੀ ਟੀਮ ਨਾਲ ਦੇਸ਼ ਭਰ ਦਾ ਦੌਰਾ ਕਰ ਕੇ ਫਿਲਮ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਿਹਾ ਹੈ। ਫਿਲਮ ਦੀ ਟੀਮ ਜਦੋਂ ਆਂਧਰਾ ਪ੍ਰਦੇਸ਼ ਦੇ ਗੰਟੂਰ ਵਿਚ ਪੁੱਜੀ ਤਾਂ ਪ੍ਰਸੰਸਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਵਿਜੈ ਦੇਵਰਕੋਂਡਾ ਨੇ ਕਿਹਾ, ‘ਮੈਂ ਪਿਛਲੇ ਵੀਹ ਦਿਨਾਂ ਤੋਂ ਰੋਜ਼ਾਨਾ ਇੱਕ ਸ਼ਹਿਰ ਦਾ ਦੌਰਾ ਕਰ ਰਿਹਾ ਹਾਂ। ਹੁਣ ਮੇਰੇ ਵਿਚ ਪਹਿਲੀ ਜਿੰਨੀ ਊਰਜਾ ਨਹੀਂ ਰਹੀ ਤੇ ਸਿਹਤ ਪੱਖੋਂ ਵੀ ਨਾਸਾਜ਼ ਹਾਂ ਪਰ ਤੁਹਾਡੇ ਪਿਆਰ ਕਾਰਨ ਮੈਂ ਗੰਟੂਰ ਆਉਣਾ ਚਾਹੁੰਦਾ ਸੀ।’ ਉਸ ਨੇ ਕਿਹਾ ਕਿ ‘ਲਾਈਗਰ’ ਲਈ ਪ੍ਰਚਾਰ ਕਰਨਾ ਉਸ ਨੂੰ ਹਮੇਸ਼ਾ ਯਾਦ ਰਹੇਗਾ। ਉਸ ਨੇ ਪ੍ਰਸੰਸਕਾਂ ਨੂੰ ਕਿਹਾ ਕਿ ਉਹ 25 ਅਗਸਤ ਨੂੰ ਪੂਰੇ ਜੋਸ਼ੋ-ਖਰੋਸ਼ ਨਾਲ ਇਹ ਫਿਲਮ ਦੇਖਣ ਪੁੱਜਣ। ਇਸ ਮੌਕੇ ਫਿਲਮ ਦੇ ਨਿਰਦੇਸ਼ਕ ਪੁਰੀ ਜਗਨਨਾਥ ਨੇ ਫਿਲਮ ਤੇ ਅਦਾਕਾਰਾਂ ‘ਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਇਕੱਠੇ ਹੋਏ ਪ੍ਰਸ਼ੰਸਕਾਂ ਨੂੰ ਕਿਹਾ ਕਿ ਜੇ ਤੁਹਾਡੇ ਵਿੱਚੋਂ ਹਰ ਕੋਈ ਟਿਕਟ ਖਰੀਦਦਾ ਹੈ ਤਾਂ ਫਿਲਮ ਬਲਾਕ ਬਸਟਰ ਸਾਬਤ ਹੋਵੇਗੀ। ਫਿਲਮ ਦੀ ਅਦਾਕਾਰਾ ਅਨੰਨਿਆ ਪਾਂਡੇ ਨੇ ਪ੍ਰਸ਼ੰਸਕਾਂ ਨਾਲ ਤੇਲਗੂ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਉਹ ਤੇਲਗੂ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਕਰਦੀ ਹੈ। -ਆਈਏਐੱਨਐੱਸ