ਮੁੰਬਈ: ਭਾਰਤੀ ਕ੍ਰਾਈਮ ਡਰਾਮਾ ਸੀਰੀਜ਼ ‘ਜਾਮਤਾੜਾ’ ਦਾ ਦੂਜਾ ਸੀਜ਼ਨ 23 ਸਤੰਬਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗਾ। ਇਹ ਸੀਰੀਜ਼ ਭਾਰਤ ਵਿੱਚ ਹੋਣ ਵਾਲੇ ਨਿੱਕੇ ਨਿੱਕੇ ਗੁਨਾਹਾਂ ਅਤੇ ਉਨ੍ਹਾਂ ਦੇ ਅਸਰ ‘ਤੇ ਆਧਾਰਿਤ ਕਹਾਣੀਆਂ ਬਿਆਨਦੀ ਹੈ। ਸ਼ੋਅ ਦੇ ਅਧਿਕਾਰਤ ਪੋਸਟਰ ਵਿੱਚ ਵੱਡਾ ਬੋਹੜ ਦਾ ਦਰੱਖ਼ਤ ਦਿਖਾਇਆ ਗਿਆ ਹੈ, ਜਿਸ ਦੀਆਂ ਟਾਹਣੀਆਂ ਨਾਲ ਕਈ ਮੋਬਾਈਲ ਫੋਨ ਲਟਕ ਰਹੇ ਹਨ। ਇਹ ਦਰੱਖ਼ਤ ਦੇਸ਼ ਵਿੱਚ ਵਾਪਰਨ ਵਾਲੀਆਂ ਸਾਈਬਰ ਅਪਰਾਧਾਂ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਾ ਹੈ। ਇਸ ਵਿੱਚ ਸਕੂਲ ਦੀ ਪੜ੍ਹਾਈ ਛੱਡ ਚੁੱਕੇ ਕੁਝ ਨੌਜਵਾਨਾਂ ਦੀ ਕਹਾਣੀ ਬਿਆਨੀ ਗਈ ਹੈ, ਜੋ ਸੌਖੇ ਤਰੀਕੇ ਨਾਲ ਘੱਟ ਤੋਂ ਘੱਟ ਸਮੇਂ ‘ਚ ਜ਼ਿਆਦਾ ਪੈਸਾ ਕਮਾਉਣ ਦੇ ਇਰਾਦੇ ਨਾਲ ਕੁਝ ਯੋਜਨਾਵਾਂ ਘੜਦੇ ਹਨ। ਦੂਸਰੇ ਸੀਜ਼ਨ ਦੀ ਕਹਾਣੀ ਸੰਨੀ (ਸਪਰਸ਼ ਸ੍ਰੀਵਾਸਤਵ) ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦੁਆਲੇ ਘੁੰਮਦੀ ਹੈ, ਜਿਸ ਦੌਰਾਨ ਗੁੜੀਆ (ਮੌਨਿਕਾ ਪਵਾਰ) ਤੇ ਰੌਕੀ (ਅੰਸ਼ੂਮਾਨ ਪੁਸ਼ਕਰ) ਆਪਣੇ ਢੰਗ ਨਾਲ ਇਸ ਖ਼ਿਲਾਫ਼ ਲੜਾਈ ਜਾਰੀ ਰੱਖਦੇ ਹਨ। ਇਸ ਸੀਜ਼ਨ ਵਿੱਚ ਦੋ ਨਵੇਂ ਚਿਹਰੇ ਰਵੀ ਚਾਹਲ ਤੇ ਸੀਮਾ ਪਾਹਵਾ ਵੀ ਦਿਖਾਈ ਦੇਣਗੇ। -ਆਈਏਐੱਨਐੱਸ