ਪੱਤਰ ਪ੍ਰੇਰਕ
ਫਰੀਦਾਬਾਦ, 28 ਅਗਸਤ
ਫਰੀਦਾਬਾਦ ਦੀ ਧੀ ਜੀਵਨ ਜੋਤ ਕੌਰ ਨੇ ਚੇਨਈ, ਤਾਮਿਲਨਾਡੂ ਵਿੱਚ ਹੋਏ ਨੈਸ਼ਨਲ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ 65 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਧਾਇਕਾ ਸੀਮਾ ਤ੍ਰਿਖਾ ਅਤੇ ਓਪੀ ਵਰਮਾ ਨੇ ਜੀਵਨ ਜੋਤ ਕੌਰ ਦੇ ਘਰ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਆਸ਼ੀਰਵਾਦ ਦਿੱਤਾ। ਜੀਵਨ ਜੋਤ ਕੌਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਇਕ ਰੋਡ ਸ਼ੋਅ ਵੀ ਕੱਢਿਆ ਗਿਆ, ਜੋ ਕਿ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋ ਕੇ ਸਿੰਘ ਸਭਾ ਗੁਰਦੁਆਰਾ ਨੰਬਰ ਪੰਜ ਤੋਂ ਹੁੰਦਾ ਹੋਇਆ ਪੰਜ ਨੰਬਰ ਦੇ ਮੁੱਖ ਬਾਜ਼ਾਰ ਵਿੱਚ ਗਿਆ ਤੇ ਗੁਰਦੁਆਰਾ ਸਾਹਿਬ ਦੇ ਪਤਵੰਤੇ ਸੱਜਣਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸ਼ਿਰਕਤ ਕੀਤੀ| ਪੰਜਾਬੀ ਸੇਵਾ ਦਲ ਫਰੀਦਾਬਾਦ ਦੇ ਉਪ ਪ੍ਰਧਾਨ ਦਲਜੀਤ ਸਿੰਘ ਸੱਭਰਵਾਲ, ਹਰਭਜਨ ਸਿੰਘ ਤੇ ਕਾਲੇ ਸਿੰਘ ਸਲੂਜਾ ਅਤੇ ਜਨਰਲ ਸਕੱਤਰ ਐਡਵੋਕੇਟ ਨਰਿੰਦਰ ਸਿੰਘ ਕੰਗ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਸ਼ੀਸ਼ ਅਰੋੜਾ ਨੇ ਵੀ ਜੀਵਨ ਜੋਤ ਕੌਰ ਵੱਲੋਂ ਜਿੱਤੇ ਸੋਨ ਤਗਮੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੱਤਾ।
ਜੀਵਨ ਜੋਤ ਕੌਰ ਨੇ ਨਹਿਰੂ ਇੰਡੋਰ ਸਟੇਡੀਅਮ, ਤਾਮਿਲਨਾਡੂ ਵਿੱਚ ਹੋਏ ਫਾਈਨਲ ਮੈਚ ਵਿੱਚ ਸੋਨ ਤਮਗਾ ਜਿੱਤ ਕੇ ਨਾ ਸਿਰਫ਼ ਫਰੀਦਾਬਾਦ ਦਾ ਸਗੋਂ ਹਰਿਆਣਾ ਦਾ ਨਾਮ ਰੌਸ਼ਨ ਕੀਤਾ। ਉਹ ਫਰੀਦਾਬਾਦ ਦੇ ਇੰਦਰਜੀਤ ਕੌਰ ਤੇ ਪਰਮਜੀਤ ਸਿੰਘ ਦੀ ਪੁੱਤਰੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਟਾਪਰ ਰਹਿਣ ਵਾਲੀ ਜੀਵਨ ਜੌਤ ਕੌਰ ਗ੍ਰੈਜੂਏਟ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਰਾਸ਼ਟਰੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਚੁੱਕੀ ਹੈ। ਹਾਲ ਹੀ ਵਿੱਚ ਜੀਵਨ ਜੋਤ ਕੌਰ ਨੇ ਉਜ਼ਬੇਕਿਸਤਾਨ ਵਿੱਚ ਹੋਏ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ।