ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ‘ਚ ਅੱਜ ਚੌਥੇ ਦਿਨ ਉਮਰ ਵਰਗ 21-40 ਸਾਲ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਲਗਪਗ 1500 ਖਿਡਾਰੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਲਾਕ ਲੁਧਿਆਣਾ-2 ਵਿੱਚ 100 ਮੀ (ਲੜਕੇ) ਦੌੜ ‘ਚ ਕਰਨ ਯਾਦਵ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 400 ਅਤੇ 200 ਮੀ ਵਿੱਚ ਉਮਾ ਸ਼ੰਕਰ ਤੇ ਲੰਬੀ ਛਾਲ ਵਿੱਚ ਭੁਪਿੰਦਰ ਸਿੰਘ ਨੇ ਬਾਜ਼ੀ ਮਾਰੀ।
ਇਸੇ ਤਰ੍ਹਾਂ ਬਲਾਕ ਸੁਧਾਰ ਵਿੱਚ ਲੰਬੀ ਛਾਲ ‘ਚ ਅਜਿੰਦਰ ਸਿੰਘ (ਭਨੋੜ) ਪਹਿਲੇ ਨੰਬਰ ‘ਤੇ ਰਿਹਾ ਜਦਕਿ ਡਿਸਕਸ ਥ੍ਰੋਅ ਵਿੱਚ ਸੁਲਤਾਨ ਸਿੰਘ (ਤਲਵੰਡੀ ਕਲਾਂ), ਸ਼ਾਟਪੁਟ ਵਿੱਚ ਸਚਿਤਾ ਕੁਮਾਰੀ (ਜੀਐੱਚਜੀ ਖਾਲਸਾ ਕਾਲਜ ਸੁਧਾਰ) ਅਤੇ 100 ਮੀ (ਲੜਕੇ) ਵਿੱਚ ਤੇਜਿੰਦਰ ਸਿੰਘ ਸੁਧਾਰ ਅੱਵਲ ਰਹੇ।
ਬਲਾਕ ਜਗਰਾਉਂ ਦੇ ਫੁਟਬਾਲ (ਲੜਕੇ) ਮੁਕਾਬਲੇ ਵਿੱਚ ਭੰਮੀਪੁਰਾ ਦੀ ਟੀਮ ਅਤੇ ਵਾਲੀਬਾਲ (ਲੜਕੇ) ਵਿੱਚ ਪਿੰਡ ਕਾਉਂਕੇ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ 100 ਮੀ (ਲੜਕੀਆਂ) ਵਿੱਚ ਰਮਨਦੀਪ ਕੌਰ (ਮੱਲ੍ਹਾ), 1500 ਮੀ (ਲੜਕੇ) ਵਿੱਚ ਗੁਰਪ੍ਰੀਤ ਸਿੰਘ (ਜਗਰਾਉਂ), 5000 ਮੀ (ਲੜਕੇ) ਵਿੱਚ ਤਰਨਵੀਰ ਸਿੰਘ ਕੋਠੇ ਖੰਜੂਰਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਬਲਾਕ ਮਾਛੀਵਾੜਾ ਵਿੱਚ 100 ਤੇ 400 ਮੀ (ਲੜਕੇ) ਦੌੜ ‘ਚ ਸੰਦੀਪ ਕੁਮਾਰ ਪਿੰਡ ਹੰਬੋਵਾਲ ਬੇਟ, ਸ਼ਾਟਪੁੱਟ (ਲੜਕੇ) ਤੇ ਡਿਸਕਸ ਥ੍ਰੋਅ ਵਿੱਚ ਕੁਲਦੀਪ ਸਿੰਘ ਹੰਬੋਵਾਲ ਬੇਟ ਅਤੇ ਵਾਲੀਬਾਲ (ਲੜਕੇ) ‘ਚ ਸੈਜੋ ਮਾਜਰਾ ਦੀ ਟੀਮ ਜੇਤੂ ਰਹੀ। ਬਲਾਕ ਖੰਨਾ ਵਿੱਚ ਕਬੱਡੀ ਸਰਕਲ ਸਟਾਈਲ (ਲੜਕੇ) ‘ਚ ਬਾਬਾ ਭਗਤ ਪੂਰਨ ਸਪੋਰਟਸ ਕਲੱਬ ਰਾਜੇਵਾਲ ਦੀ ਟੀਮ ਨੇ ਮੱਲ ਮਾਰੀ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਰੁਚਿਤ ਕਰਨ ਲਈ ਇਹ ਖੇਡ ਮੇਲੇ ਕਰਵਾਏ ਜਾ ਰਹੇ ਹਨ।