ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਫ਼ਿਲਮ ‘ਮਾਜਾ ਮਾ’ ਵਿੱਚ ਮੁੱਖ ਭੂਮਿਕਾ ਨਿਭਾਵੇਗੀ। ਆਨੰਦ ਤਿਵਾੜੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਪ੍ਰਾਈਮ ਵੀਡੀਓਜ਼ ਦੀ ਪਹਿਲੀ ਭਾਰਤੀ ਐਮਾਜ਼ੌਨ ਓਰਿਜਨਲ ਫ਼ਿਲਮ ਹੈ, ਜਿਸ ਦੀ ਕਹਾਣੀ ਭਾਰਤ ਵਿੱਚ ਰਵਾਇਤੀ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਉਣ ਅਤੇ ਮਹਿੰਗੇ ਵਿਆਹ ਸਮਾਗਮਾਂ ਦੇ ਖ਼ਿਲਾਫ਼ ਹੈ। ਇਹ ਫ਼ਿਲਮ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਮਾਧੁਰੀ ਤੋਂ ਇਲਾਵਾ ਗਜਰਾਜ ਰਾਓ, ਰਿਤਵਿਕ ਬੀ., ਬਰਖਾ ਸਿੰਘ, ਸ੍ਰਿਸ਼ਟੀ ਸ੍ਰੀਵਾਸਤਵ, ਰਜਿਤ ਕਪੂਰ, ਸ਼ੀਬਾ ਛਾਬੜਾ, ਸਿਮੌਨ ਸਿੰਘ, ਮਲਹਾਰ ਠੱਕਰ ਤੇ ਨਿਨਾਦ ਕਾਮਤ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ‘ਬੰਦਿਸ਼ ਬੈਂਡਿਟਸ’ ਤੋਂ ਬਾਅਦ ਨਿਰਦੇਸ਼ਕ ਆਨੰਦ ਤਿਵਾੜੀ ਦਾ ਐਮਾਜ਼ੌਨ ਵੀਡੀਓ ਨਾਲ ਇਹ ਦੂਸਰਾ ਪ੍ਰਾਜੈਕਟ ਹੈ। ਪ੍ਰਾਈਮ ਵੀਡੀਓਜ਼ ਦੇ ਇੰਡੀਆ ਓਰਿਜਨਲਜ਼ ਦੀ ਮੁਖੀ ਅਪਰਨਾ ਪੁਰੋਹਿਤ ਨੇ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਕਿਹਾ, ‘ਇਸ ਫਿਲਮ ਰਾਹੀਂ ਕਾਸਟ ਪੂਰੀ ਮਿਹਨਤ ਨਾਲ ਆਪਣਾ ਬਿਤਰੀਨ ਕੰਮ ਲੈ ਕੇ ਪੇਸ਼ ਹੋ ਰਹੀ ਹੈ। ਮੈਂ ਇਸ ਫਿਲਮ ਪ੍ਰਤੀ ਦਰਸ਼ਕਾਂ ਦੇ ਪ੍ਰਤੀਕਰਮ ਵੇਖਣ ਲਈ ਬਹੁਤ ਉਤਾਵਲੀ ਹਾਂ।’ ਅਪਰਨਾ ਨੇ ਕਿਹਾ, ‘ਮੈਂ ਇਸ ਫਿਲਮ ਨੂੰ ਲੈ ਕੇ ਇਸ ਲਈ ਵੀ ਉਤਸਾਹਿਤ ਹਾਂ ਕਿਉਂਕਿ ਇਸ ਕਮਾਲ ਦੀ ਕਹਾਣੀ ਨੂੰ ਫਿਲਮ ਜਗਤ ਦੀ ਸਭ ਤੋਂ ਖ਼ੂਬਸੂਰਤ ਤੇ ਹੁਨਰਮੰਦ ਅਦਾਕਾਰਾਵਾਂ ਵਿੱਚੋਂ ਇੱਕ ਮਾਧੁਰੀ ਦੀਕਸ਼ਿਤ ਪੇਸ਼ ਕਰ ਰਹੀ ਹੈ।’ -ਆਈਏਐੱਨਐੱਸ