ਗਾਂਧੀਨਗਰ: ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਅੱਜ ਇੱਥੇ 36ਵੀਆਂ ਕੌਮੀ ਖੇਡਾਂ ਦੇ ਮਹਿਲਾ ਵੇਟਲਿਫਟਿੰਗ ਮੁਕਾਬਲੇ ਦੇ 49 ਕਿਲੋ ਵਰਗ ‘ਚ 191 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਉਸ ਨੇ ਸਨੈਚ ਵਿੱਚ 84 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 107 ਕਿਲੋ ਭਾਰ ਚੁੱਕਿਆ। ਮੀਰਾਬਾਈ ਨੇ ਕਿਹਾ ਕਿ ਉਸ ਦੇ ਖੱਬੇ ਗੁੱਟ ‘ਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਦੋਵਾਂ ਵਰਗਾਂ ਵਿੱਚ ਆਪਣੀ ਤੀਜੀ ਕੋਸ਼ਿਸ਼ ਲਈ ਨਹੀਂ ਉੱਤਰੀ। ਉਸ ਨੇ ਕਿਹਾ, ”ਹਾਲ ਹੀ ਵਿੱਚ ਐੱਨਆਈਐੱਸ ਪਟਿਆਲਾ ਵਿੱਚ ਸਿਖਲਾਈ ਦੌਰਾਨ ਮੇਰੇ ਖੱਬੇ ਗੁੱਟ ‘ਤੇ ਸੱਟ ਲੱਗ ਗਈ ਸੀ, ਜਿਸ ਮਗਰੋਂ ਮੈਂ ਇਹ ਯਕੀਨੀ ਬਣਾਇਆ ਕਿ ਮੈਂ ਬਹੁਤਾ ਜੋਖ਼ਮ ਨਾ ਲਵਾਂ। ਵਿਸ਼ਵ ਚੈਂਪੀਅਨਸ਼ਿਪ ਵੀ ਦਸੰਬਰ ਵਿੱਚ ਹੋਣੀ ਹੈ।” ਇਸ ਦੌਰਾਨ ਸੰਜੀਤਾ ਚਾਨੂ ਨੇ ਕੁੱਲ 187 ਕਿਲੋ (ਸਨੈਚ ਵਿੱਚ 82 ਕਿਲੋ ਤੇ ਕਲੀਨ ਐਂਡ ਜਰਕ ‘ਚ 105 ਕਿਲੋ) ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਾ। ਇਸੇ ਤਰ੍ਹਾਂ ਸਨੇਹਾ ਸੋਰੇਨ ਨੇ 169 ਕਿਲੋ (ਸਨੈਚ ਵਿੱਚ 73 ਕਿਲੋ ਤੇ ਕਲੀਨ ਐਂਡ ਜਰਕ ਵਿੱਚ 96 ਕਿਲੋ) ਭਾਰ ਚੁੱਕ ਕੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ। -ਪੀਟੀਆਈ