ਮੁੰਬਈ: ਅਦਾਕਾਰ ਰਣਦੀਪ ਹੁੱਡਾ ਨੇ ਅੱਜ ਹਿੰਦੂ ਵਿਚਾਰਕ ਵੀਡੀ ਸਾਵਰਕਰ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਵਤੰਤਰਯਵੀਰ ਸਾਵਰਕਰ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਹੁੱਡਾ ਹੀ ਇਸ ਫਿਲਮ ਦੇ ਨਿਰਦੇਸ਼ਕ ਹਨ। ਬਤੌਰ ਨਿਰਦੇਸ਼ਕ ਇਹ ਉਸ ਦੀ ਪਹਿਲੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਪਹਿਲਾਂ ਮਹੇਸ਼ ਮਾਂਜਰੇਕਰ ਨੇ ਕਰਨਾ ਸੀ। ਹੁੱਡਾ ਨੇ ਇਸ ਸਬੰਧੀ ਕੀਤੇ ਟਵੀਟ ਵਿੱਚ ਕਿਹਾ, ”ਮੈਂ ਆਪਣੀ ਅਗਲੀ ਫਿਲਮ ‘ਸਵਤੰਤਰਯਵੀਰ ਸਾਵਰਕਰ’ ਦੀ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ।” ਹੁੱਡਾ ਨੇ ਇਸ ਫਿਲਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਇਹ ਫਿਲਮ 26 ਮਈ 2023 ਨੂੰ ਸਾਵਰਕਰ ਦੀ 140ਵੀਂ ਜੈਅੰਤੀ ਮੌਕੇ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾ ਅਨੰਦ ਪੰਡਿਤ, ਸੰਦੀਪ ਸਿੰਘ ਅਤੇ ਸੈਮ ਖਾਨ ਹਨ। ਇਸ ਤੋਂ ਇਲਾਵਾ ਰੂਪਾ ਪੰਡਿਤ ਅਤੇ ਜ਼ਫਰ ਮਹਿਦੀ ਇਸ ਦੇ ਸਹਿ-ਨਿਰਮਾਤਾ ਹਨ। ਇਸ ਫਿਲਮ ਸਬੰਧੀ ਪੰਡਿਤ ਨੇ ਕਿਹਾ ਕਿ ਰਣਦੀਪ ਹੁੱਡਾ ਦਾ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਜੁੜਿਆ ਹੋਣਾ ਮਾਣ ਵਾਲੀ ਗੱਲ ਹੈ। -ਪੀਟੀਆਈ