ਮੈਲਬਰਨ: ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹੋਣ ਵਾਲੀਆਂ 2026 ਰਾਸ਼ਟਰਮੰਡਲ ਖੇਡਾਂ ਦੀ ਸੂਚੀ ਵਿੱਚ ਨਿਸ਼ਾਨੇਬਾਜ਼ੀ ਵਾਪਸ ਆ ਜਾਵੇਗੀ ਪਰ ਕੁਸ਼ਤੀ ਤੇ ਤੀਰਅੰਦਾਜ਼ੀ ਨੂੰ ਬਾਹਰ ਰੱਖਿਆ ਜਾਵੇਗਾ, ਜਿਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਅਤੇ ਰਾਸ਼ਟਰਮੰਡਲ ਖੇਡਾਂ ਆਸਟਰੇਲੀਆ ਨੇ ਅੱਜ ਵਿਕਟੋਰੀਆ 2026 ਰਾਸ਼ਟਰਮੰਡਲ ਖੇਡਾਂ ਲਈ ਪੂਰੇ ਖੇਡ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਵਿੱਚ 20 ਖੇਡਾਂ ਅਤੇ 26 ਮੁਕਾਬਲੇ ਸ਼ਾਮਲ ਹਨ। ਇਨ੍ਹਾਂ ‘ਚੋਂ 9 ਸਿਰਫ਼ ਪੈਰਾ ਖੇਡਾਂ ਲਈ ਹਨ। ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਸਵਾਗਤਯੋਗ ਕਦਮ ਹੈ। ਨਿਸ਼ਾਨੇਬਾਜ਼ੀ ਨੂੰ ਬਰਮਿੰਘਮ ਵਿੱਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ‘ਚ ਭਾਰਤ ਨੇ ਹੁਣ ਤੱਕ 135 ਤਗਮੇ (63 ਸੋਨ, 44 ਚਾਂਦੀ ਤੇ 28 ਕਾਂਸੇ) ਅਤੇ ਕੁਸ਼ਤੀ ਵਿੱਚ 114 ਤਗਮੇ (49 ਸੋਨ, 39 ਚਾਂਦੀ ਅਤੇ 26 ਕਾਂਸੇ) ਜਿੱਤੇ ਹਨ। 2026 ਦੀਆਂ ਖੇਡਾਂ ਵਿੱਚ ਪੈਰਾ-ਸ਼ੂਟਿੰਗ ਨੂੰ ਸ਼ਾਮਲ ਕਰਨ ਨਾਲ ਭਾਰਤ ਨੂੰ ਫਾਇਦਾ ਹੋ ਸਕਦਾ ਹੈ ਪਰ ਕੁਸ਼ਤੀ ਦੇ ਮੁਕਾਬਲੇ ਨਾ ਹੋਣ ਕਾਰਨ ਭਾਰਤ ਨੂੰ ਨੁਕਸਾਨ ਹੋਵੇਗਾ। ਭਾਰਤ ਨੇ ਬਰਮਿੰਘਮ ਖੇਡਾਂ ਵਿੱਚ ਕੁਸ਼ਤੀ ‘ਚ ਸਭ ਤੋਂ ਵੱਧ 12 ਤਗਮੇ (ਛੇ ਸੋਨ, ਇੱਕ ਚਾਂਦੀ, ਪੰਜ ਕਾਂਸੇ) ਜਿੱਤੇ ਸਨ। ਇਹ ਖੇਡ 2010 ਤੋਂ ਲਗਾਤਾਰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਰਹੀ ਹੈ, ਦੂਜੇ ਪਾਸੇ ਤੀਰਅੰਦਾਜ਼ੀ ਸਿਰਫ ਦੋ ਵਾਰ 1982 ਅਤੇ 2010 ਵਿੱਚ ਹੀ ਇਨ੍ਹਾਂ ਖੇਡਾਂ ਦਾ ਹਿੱਸਾ ਰਹੀ ਹੈ। ਕੁਸ਼ਤੀ ਆਸਟਰੇਲੀਆ ਵਿੱਚ ਬਹੁਤੀ ਮਸ਼ਹੂਰ ਨਹੀਂ ਹੈ ਅਤੇ ਮੇਜ਼ਬਾਨ ਦੇਸ਼ ਆਮ ਤੌਰ ‘ਤੇ ਉਨ੍ਹਾਂ ਖੇਡਾਂ ਦੀ ਚੋਣ ਕਰਦਾ ਹੈ, ਜਿਨ੍ਹਾਂ ਵਿੱਚ ਘਰੇਲੂ ਅਥਲੀਟ ਚੰਗਾ ਪ੍ਰਦਰਸ਼ਨ ਕਰਦੇ ਹੋਣ। ਨਿਸ਼ਾਨੇਬਾਜ਼ੀ ਆਸਟਰੇਲੀਆ ਵਿੱਚ ਮਸ਼ਹੂਰ ਖੇਡ ਹੈ। ਰਾਸ਼ਟਰਮੰਡਲ ਖੇਡਾਂ 2018 ਵਿੱਚ ਭਾਰਤ ਤੋਂ ਬਾਅਦ ਆਸਟਰੇਲੀਆ ਨੇ ਸਭ ਤੋਂ ਵੱਧ 9 ਤਗਮੇ ਜਿੱਤੇ ਸਨ। -ਪੀਟੀਆਈ