ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮਾਂਤਰੀ ਫਿਲਮ ਪ੍ਰੋਡਕਸ਼ਨ ਹਾਊਸ ਗਲੋਬਲ ਮਿਡਾਸ ਕੈਪੀਟਲ (ਜੀਐੱਮਸੀ) ਵੱਲੋਂ ਗਲੋਬਲ ਮਿਡਾਸ ਫਾਊਂਡੇਸ਼ਨ (ਜੀਐੱਮਐੱਫ) ਦੇ ਸਹਿਯੋਗ ਨਾਲ ਇੱਕ ਦਸਤਾਵੇਜ਼ੀ ‘1984-ਸਿੱਖਾਂ ਦੀ ਨਸਲਕੁਸ਼ੀ, ਮਨੁੱਖਤਾ ਵਿਰੁੱਧ ਬੇਇਨਸਾਫ਼ੀ ਤੇ ਅਪਰਾਧ ਦੇ 38 ਸਾਲ’ ਸਿਰਲੇਖ ਹੇਠ ਤਿਆਰ ਕੀਤੀ ਗਈ ਹੈ। ਦਸਤਾਵੇਜ਼ੀ ਵਿੱਚ 31 ਅਕਤੂਬਰ, 1984 ਤੋਂ 7 ਨਵੰਬਰ 1984 ਤੱਕ ਦਿੱਲੀ, ਕਾਨਪੁਰ ਤੇ ਬੋਕਾਰੋ ਵਿੱਚ ਮੁੱਖ ਤੌਰ ‘ਤੇ ਵਾਪਰੀਆਂ ਘਟਨਾਵਾਂ ਨੂੰ ਸਮਝਣ ਲਈ ਦਿੱਲੀ ਭਰ ਵਿੱਚ 1984 ਦੇ ਦਿੱਲੀ ਕਤਲੇਆਮ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨਾਲ ਗੱਲਬਾਤ ਰਿਕਾਰਡ ਕੀਤੀ ਗਈ ਹੈ। ਉਸ ਸਮੇਂ ਦੌਰਾਨ ਹੋਏ ਕਤਲਾਂ, ਲੁੱਟਾਂ-ਖੋਹਾਂ, ਅਗਜ਼ਨੀ ਦੀਆਂ ਘਟਨਾਵਾਂ, ਔਰਤਾਂ, ਲੜਕੀਆਂ ਅਤੇ ਬੱਚਿਆਂ ਨਾਲ ਵਾਪਰੇ ਅਣ-ਮਨੁੱਖੀ ਅਪਰਾਧਾਂ ਖ਼ਿਲਾਫ਼ ਕਾਨੂੰਨੀ ਨਿਆਂ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ, ਇਨਸਾਫ਼ ਪ੍ਰਾਪਤ ਕਰਨ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਕੀ ਚੁਣੌਤੀਆਂ ਹਨ? 38 ਸਾਲ ਦੇ ਸਾਰੇ ਸਬੰਧਤ ਹਿੱਸੇਦਾਰਾਂ ਨਾਲ ਨਿੱਜੀ ਤੌਰ ‘ਤੇ ਇਨ੍ਹਾਂ ਪੱਖਾਂ ‘ਤੇ ਗੱਲਬਾਤ ਕੀਤੀ ਗਈ ਹੈ। ਇਸ ਸਭ ਦੌਰਾਨ ਮੌਜੂਦਾ ਦੌਰ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਸਣੇ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਵੱਲੋਂ ਕੀਤੇ ਗਏ ਵਾਅਦਿਆਂ ਦੀ ਰੋਸ਼ਨੀ ਵਿੱਚ ਨਸਲਕੁਸ਼ੀ ਪੀੜਤਾਂ ਦੇ ਪੁਨਰਵਾਸ ਲਈ ਕੀਤੇ ਗਏ ਉਪਰਾਲਿਆਂ ਪਿਛਲਾ ਸੱਚ ਸਾਹਮਣੇ ਲਿਆਉਣ ਦਾ ਵੀ ਯਤਨ ਕੀਤਾ ਗਿਆ ਹੈ। ਉਕਤ ਸੰਸਥਾ ਵੱਲੋਂ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਰਾਸ਼ਟਰ ਵਿੱਚ ਮੁੱਦਾ ਉਠਾਉਣ ਲਈ ਜਮਹੂਰੀ ਅਧਿਕਾਰਾਂ, ਨਾਗਰਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਇੱਕ ਠੋਸ ਆਧਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਦਸਤਾਵੇਜ਼ੀ ਵਿੱਚ ਕਾਨਪੁਰ ‘ਚ ਵਾਪਰੇ 127 ਸਿੱਖ ਨਸਲਕੁਸ਼ੀ ਦੇ ਮਾਮਲਿਆਂ ਨੂੰ ਵੀ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ।