ਮੁੰਬਈ: ਅਦਾਕਾਰ ਜੋੜੀ ਆਲੀਆ ਭੱਂਟ ਤੇ ਰਣਬੀਰ ਕਪੂਰ ਆਪਣੀ ਧੀ ਨੂੰ ਅੱਜ ਘਰ ਲੈ ਆਏ ਹਨ। ਆਪਣੀ ਧੀ ਨੂੰ ਲੈ ਕੇ ਉਹ ਅੱਜ ਸਵੇਰੇ ਆਪਣੇ ਘਰ ‘ਵਾਸਤੂ’ ਪੁੱਜੇ। ਕਾਰ ਦੀ ਪਿਛਲੀ ਸੀਟ ‘ਤੇ ਆਲੀਆ ਬੈਠੀ ਸੀ ਤੇ ਉਸ ਨੇ ਕਾਲੇ ਰੰਗ ਦਾ ਲਿਬਾਸ ਪਹਿਨਿਆ ਸੀ ਅਤੇ ਰਣਬੀਰ ਕਾਰ ਦੀ ਅਗਲੀ ਸੀਟ ‘ਤੇ ਆਪਣੀ ਧੀ ਨੂੰ ਗੋਦੀ ਵਿੱਚ ਲਈ ਬੈਠਾ ਸੀ। ਅਦਾਕਾਰਾ ਵੱਲੋਂ ਛੇ ਨਵੰਬਰ ਨੂੰ ਆਪਣੀ ਧੀ ਦੇ ਜਨਮ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਸੀ। ਇਹ ਪੋਸਟ ਆਲੀਆ ਤੇ ਰਣਬੀਰ ਦੋਵਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ। ਇਸ ਪੋਸਟ ਵਿੱਚ ਆਖਿਆ ਗਿਆ ਸੀ, ‘…ਤੇ ਸਾਡੀ ਜ਼ਿੰਦਗੀ ਦੀ ਸਭ ਤੋਂ ਪਿਆਰੀ ਖ਼ਬਰ… ਸਾਡੀ ਧੀ ਆ ਗਈ ਹੈ। ਕਿੰਨੀ ਪਿਆਰੀ ਹੈ ਇਹ। ਅਸੀਂ ਮਾਤਾ-ਪਿਤਾ ਬਣ ਗਏ ਹਾਂ… ਪਿਆਰ.. ਪਿਆਰ… ਪਿਆਰ… ਰਣਬੀਰ ਤੇ ਆਲੀਆ।’ ਜ਼ਿਕਰਯੋਗ ਹੈ ਕਿ ਇਸ ਜੋੜੀ ਨੇ ਇਸੇ ਸਾਲ ਅਪਰੈਲ ਮਹੀਨੇ ਵਿਆਹ ਕਰਵਾਇਆ ਸੀ। ਆਲੀਆ ਭੱਟ ਨੂੰ ਐਤਵਾਰ ਸਵੇਰੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਤਸੁਕਤਾ ਨਾਲ ਖੁਸ਼ਖਬਰੀ ਦੀ ਉਡੀਕ ਕੀਤੀ ਜਾ ਰਹੀ ਸੀ। ਹਾਲਾਂਕਿ ਆਲੀਆ ਪਹਿਲਾਂ ਵੀ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹੀ ਹੈ, ਪਰ ਧੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਦੀ ਉਡੀਕ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਇਸੇ ਸਾਲ ਜੂਨ ਮਹੀਨੇ ਵਿੱਚ ਅਦਾਕਾਰ ਜੋੜੀ ਵੱਲੋਂ ਆਲੀਆ ਦੇ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਗਈ ਸੀ। -ਆਈਏਐੱਨਐੱਸ/ਏਐੱਨਆਈ