ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਅੱਜ ਆਪਣਾ 55ਵਾਂ ਜਨਮ ਦਿਨ ਮਨਾਇਆ। ਜੂਹੀ ਨੇ ਨੱਬੇ ਦੇ ਦਹਾਕੇ ਵਿਚ ਫਿਲਮ ਸਨਅਤ ਵਿਚ ਰਾਜ਼ ਕੀਤਾ ਸੀ ਤੇ ਉਸ ਦੀਆਂ ਕਈ ਫਿਲਮਾਂ ਹਿੱਟ ਰਹੀਆਂ ਸਨ। ਜੂਹੀ ਨੇ ਦੋ ਫਿਲਮਫੇਅਰ ਐਵਾਰਡਾਂ ਸਣੇ 1984 ਵਿੱਚ ਮਿਸ ਇੰਡੀਆ ਦਾ ਖਿਤਾਬ ਵੀ ਹਾਸਲ ਕੀਤਾ। ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੂਹੀ ਨੇ ਆਪਣੀ ਪਹਿਲੀ ਫਿਲਮ ‘ਕਿਆਮਤ ਸੇ ਕਿਆਮਤ ਤਕ’ ਲਈ ਮਸ਼ਹੂਰ ਸੀਰੀਅਲ ‘ਮਹਾਭਾਰਤ’ ਵਿਚ ਅਹਿਮ ਰੋਲ ਛੱਡ ਦਿੱਤਾ ਸੀ। ਉਸ ਵੇਲੇ ਬੀ ਆਰ ਚੋਪੜਾ ਨੇ ਮਹਾਭਾਰਤ ਲਈ 15000 ਜਣਿਆਂ ਦੇ ਅਡੀਸ਼ਨ ਲਏ ਸਨ ਤੇ ਉਨ੍ਹਾਂ ਜੂਹੀ ਚਾਵਲਾ ਦਾ ਦਰੋਪਦੀ ਦੇ ਕਿਰਦਾਰ ਲਈ ਨਾਂ ਤੈਅ ਕਰ ਲਿਆ ਸੀ ਪਰ ਉਸ ਵੇਲੇ ਜੂਹੀ ਨੂੰ ਫਿਲਮ ‘ਕਿਆਮਤ ਸੇ ਕਿਆਮਤ ਤਕ’ ਵਿਚ ਕੰਮ ਦੀ ਪੇਸ਼ਕਸ਼ ਮਿਲੀ ਤਾਂ ਜੂਹੀ ਨੇ ਮਹਾਭਾਰਤ ਨੂੰ ਛੱਡ ਕੇ ਫਿਲਮ ਸਨਅਤ ਨੂੰ ਚੁਣਿਆ। ਜੂਹੀ ਇਸ ਵੇਲੇ ਵਾਤਾਵਰਨ ਦੀ ਸੰਭਾਲ ਲਈ ਆਪਣਾ ਯੋਗਦਾਨ ਪਾ ਰਹੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਜੂਹੀ ਨੇ 5 ਜੀ ਤਕਨਾਲੋਜੀ ਖ਼ਿਲਾਫ਼ ਅਦਾਲਤ ਦਾ ਵੀ ਰੁਖ਼ ਕੀਤਾ ਸੀ। ਉਸ ਨੇ ਕਿਹਾ ਸੀ ਕਿ 5 ਜੀ ਦੀਆਂ ਕਿਰਨਾਂ ਮਨੁੱਖਾਂ ਤੇ ਜਾਨਵਰਾਂ ਲਈ ਨੁਕਸਾਨਦਾਇਕ ਹਨ ਹਾਲਾਂਕਿ, ਬਾਅਦ ਵਿੱਚ ਇਹ ਕੇਸ ਖਾਰਜ ਕਰ ਦਿੱਤਾ ਗਿਆ ਸੀ। -ਏਐੱਨਆਈ