ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ਾਂ ਨੇ ਕੋਰੀਆ ਦੇ ਡੇਇਗੂ ਵਿੱਚ 15ਵੀਂ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਵਿੱਚ ਅੱਜ ਚਾਰ ਹੋਰ ਸੋਨ ਤਗਮੇ ਜਿੱਤੇ। ਇਸ ਟੂਰਨਾਮੈਂਟ ਵਿੱਚ ਭਾਰਤ 21 ਸੋਨ ਤਗਮੇ ਜਿੱਤ ਚੁੱਕਾ ਹੈ। ਇਸ ਦੌਰਾਨ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਰਿਧਮ ਸਾਂਗਵਾਨ ਨੇ ਭਾਰਤ ਦੀ ਹੀ ਪਲਕ ਨੂੰ 16-8 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮਹਿਲਾ ਜੂਨੀਅਰ ਮੁਕਾਬਲੇ ਵਿੱਚ ਭਾਰਤ ਦੀ ਹੀ ਈਸ਼ਾ ਸਿੰਘ ਨੂੰ 17-15 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਸ਼ਿਵ ਨਰਵਾਲ, ਨਵੀਨ ਅਤੇ ਵਿਜੈਵੀਰ ਸਿੱਧੂ ਦੀ ਤਿਕੜੀ ਨੇ ਲੀ ਡੇਮਯੁੰਗ, ਮੋਕ ਜਿਨ ਮੁਨ ਅਤੇ ਪਾਰਕ ਡੇਇਹੁਨ ਦੀ ਕੋਰੀਅਨ ਟੀਮ ਨੂੰ 16-14 ਨਾਲ ਹਰਾਇਆ। ਇਸ ਦੇ ਜੂਨੀਅਰ ਮੁਕਾਬਲੇ ਵਿੱਚ ਵੀ ਸਾਗਰ ਡਾਂਗੀ, ਸਮਰਾਟ ਰਾਣਾ ਅਤੇ ਵਰੁਨ ਤੋਮਰ ਦੀ ਟੀਮ ਨੇ ਸੋਨ ਤਗਮਾ ਜਿੱਤਿਆ। -ਪੀਟੀਆਈ