ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਪੀਏਪੀ ਹਾਕੀ ਗਰਾਊਂਡ ਵਿਚ ਚੱਲ ਰਹੇ 22ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਜੂਨੀਅਰ (ਅੰਡਰ-19) ਦੇ ਤੀਜੇ ਦਿਨ ਸੈਮੀਫਾਈਨਲ ਮੈਚ ਖੇਡੇ ਗਏ। ਸੁਸਾਇਟੀ ਦੇ ਪ੍ਰਧਾਨ ਧਿਆਨ ਚੰਦ ਐਵਾਰਡੀ ਓਲੰਪੀਅਨ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਰਮਨਜੀਤ ਸਿੰਘ ਸੰਘੇੜਾ, ਓਲੰਪੀਅਨ ਗੁਨਦੀਪ ਕੁਮਾਰ, ਸੁਖਦੇਵ ਸਿੰਘ ਐੱਮਡੀ ਏਜੀਆਈ ਸਨ। ਪਹਿਲੇ ਸੈਮੀਫਾਈਨਲ ਵਿੱਚ ਰਾਊਂਡਗਲਾਸ ਹਾਕੀ ਅਕੈਡਮੀ ਨੇ ਸੀਆਰਜ਼ੈੱਡ ਅਕੈਡਮੀ ਸੋਨੀਪਤ ਨੂੰ ਸ਼ੂਟ ਆਊਟ ਵਿੱਚ 5-4 ਨਾਲ ਹਰਾਇਆ। ਜੇਤੂ ਟੀਮ ਲਈ ਗੁਰਸੇਵਕ ਨੇ ਦੋ ਗੋਲ ਕੀਤੇ ਤੇ ਸੁਖਪ੍ਰੀਤ ਸਿੰਘ, ਜੀਵਨ ਸਿੰਘ, ਜੋਬਨ ਨੇ ਇੱਕ-ਇੱਕ ਗੋਲ ਕੀਤਾ। ਸੀਆਰਜ਼ੈੱਡ ਲਈ ਪ੍ਰੀਸ਼ਾਂਤ, ਸੁਨੀਲ, ਅਮਨਦੀਪ, ਵਿਕਾਸ ਨੇ ਇੱਕ-ਇੱਕ ਗੋਲ ਕੀਤਾ। ਦੂਜੇ ਸੈਮੀਫਾਈਨਲ ਵਿੱਚ ਸੁਰਜੀਤ ਅਕੈਡਮੀ ਨੇ ਐੱਸਜੀਪੀਸੀ ਅਕੈਡਮੀ ਨੂੰ 3-1 ਨਾਲ ਹਰਾਇਆ। ਜੇਤੂ ਟੀਮ ਲਈ ਹਰਪ੍ਰੀਤ ਗਿੱਲ, ਨਵਜੋਤ ਸਿੰਘ ਅਤੇ ਪ੍ਰਬਦੀਪ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਐੱਸਜੀਪੀਸੀ ਲਈ ਹਰਪ੍ਰੀਤ ਸਿੰਘ ਨੇ ਇੱਕ ਗੋਲ ਕੀਤਾ। ਕੱਲ੍ਹ ਨੂੰ ਰਾਊਂਡਗਲਾਸ ਤੇ ਸੁਰਜੀਤ ਅਕੈਡਮੀ ਵਿਚਾਲੇ ਫਾਈਨਲ ਖੇਡਿਆ ਜਾਵੇਗਾ। ਇਸ ਮੌਕੇ ਦਲਜੀਤ ਸਿੰਘ, ਸਾਹਿਬ ਸਿੰਘ, ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਓਲੰਪੀਅਨ ਸੰਜੀਵ ਕੁਮਾਰ ਆਦਿ ਹਾਜ਼ਰ ਸਨ।