12.4 C
Alba Iulia
Monday, January 15, 2024

ਤਕੀਏ ਪੈਂਦੀ ਬਾਜ਼ੀ…

Must Read


ਹਰਦਿਆਲ ਸਿੰਘ ਥੂਹੀ

ਪੰਜਾਬ ਦੀਆਂ ਲੋਕ-ਕਲਾਵਾਂ ਨੂੰ ਸੰਭਾਲ ਕੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਾਉਣ ਤੇ ਪ੍ਰਫੁੱਲਤ ਕਰਨ ਵਿੱਚ ਬਾਜ਼ੀਗਰ ਬਰਾਦਰੀ (ਕਬੀਲੇ) ਦਾ ਵਿਸੇਸ਼ ਯੋਗਦਾਨ ਰਿਹਾ ਹੈ। ਭਾਵੇਂ ਇਹ ਬਰਾਦਰੀ ਸੰਗੀਤ ਕਲਾਵਾਂ (ਗਵੰਤਰੀ-ਵਜੰਤਰੀ), ਲੋਕ ਨਾਚਾਂ ਅਤੇ ਦਸਤਕਾਰੀ ਕਲਾਵਾਂ ਵਿੱਚ ਵੀ ਨਿਪੁੰਨ ਰਹੀ ਹੈ, ਪਰ ਇਸ ਦਾ ਮੁੱਖ ਕਸਬ ‘ਬਾਜ਼ੀ ਪਾਉਣਾ’ ਰਿਹਾ ਹੈ। ਬਾਜ਼ੀ ਪਾਉਣ ਕਾਰਨ ਹੀ ਇਸ ਬਰਾਦਰੀ ਦਾ ਨਾਂ ਬਾਜ਼ੀਗਰ ਪ੍ਰਚੱਲਿਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਬਾਜ਼ੀ’ ਅਤੇ ‘ਬਾਜ਼ੀਗਰ’ ਸ਼ਬਦ ਕਈ ਥਾਂ ਆਉਂਦਾ ਹੈ:

ਬਾਜੀਗਰਿ ਇਕ ਬਾਜੀ ਪਾਈ। ਮਹਲਾ ਤੀਜਾ।।

ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਉਚਾਰਦੇ ਹਨ:

ਬਾਜੀਗਰ ਡੰਕ ਬਜਾਈ।।

ਸਭ ਖਲਕ ਤਮਾਸੇ ਆਈ।।

ਬਾਜੀਗਰ ਸ੍ਵਾਂਗੁ ਸਕੇਲਾ।।

ਅਪਨੇ ਰੰਗ ਰਵੈ ਅਕੇਲਾ।।

ਕੇਸਰ ਸਿੰਘ ਦੇ ਗਰੁੱਪ ਵੱਲੋਂ ਵੱਖ ਵੱਖ ਥਾਵਾਂ ‘ਤੇ ਪਾਈ ‘ਬਾਜ਼ੀ’ ਦੀਆਂ ਝਲਕੀਆਂ

ਬਾਜ਼ੀਗਰ ਆਪਣੇ ਸਰੀਰਕ ਕਰਤੱਬ ਦਿਖਾ ਕੇ ਆਮ ਲੋਕਾਂ ਦਾ ਮਨੋਰੰਜਨ ਕਰਦੇ ਅਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਸਨ। ਜਿਵੇਂ ਜਿਵੇਂ ਜ਼ਮਾਨਾ ਬਦਲਿਆ ਮਨੋਰੰਜਨ ਦੇ ਆਧੁਨਿਕ ਸਾਧਨ ਹੋਂਦ ਵਿੱਚ ਆ ਗਏ ਤਾਂ ਦੂਜੀਆਂ ਲੋਕ ਕਲਾਵਾਂ ਵਾਂਗ ‘ਬਾਜ਼ੀ’ ਦੀ ਕਲਾ ਵੀ ਲੁਪਤ ਹੋ ਗਈ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ਕਦੇ ਵੀ ਕੋਈ ਕਲਾ ਪੂਰੀ ਤਰ੍ਹਾਂ ਸਮਾਪਤ ਨਹੀਂ ਹੁੰਦੀ, ਭਾਵੇਂ ਉਸ ਦੀ ਮਾਤਰਾ ਘੱਟ ਜ਼ਰੂਰ ਜਾਂਦੀ ਹੈ। ਏਸੇ ਤਰ੍ਹਾਂ ਬਾਜ਼ੀ ਹੁਣ ਪਹਿਲਾਂ ਵਾਂਗ ਆਮ ਨਹੀਂ ਪੈਂਦੀ। ਕੇਵਲ ਗਿਣਤੀ ਦੇ ਕੁਝ ਕਲਾਕਾਰ ਹਨ, ਜਿਨ੍ਹਾਂ ਨੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਇਸ ਕਲਾ ਨੂੰ ਆਪਣੀ ਪਰਵਾਰਿਕ ਵਿਰਾਸਤ ਵਜੋਂ ਸੰਭਾਲਿਆ ਹੋਇਆ ਹੈ। ਇਨ੍ਹਾਂ ਵਿੱਚੋਂ ਹੀ ਇੱਕ ਸ਼ਖ਼ਸ ਹੈ ਕੇਸਰ ਸਿੰਘ ਧਰਮਸੋਤ।

ਕੇਸਰ ਸਿੰਘ ਦਾ ਜਨਮ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਮੌੜ ਮੰਡੀ ਦੇ ਪਿੰਡ ਡਿੱਖ ਵਿਖੇ 5 ਅਪਰੈਲ 1986 ਨੂੰ ਪਿਤਾ ਗਮਦੂਰ ਸਿੰਘ ਤੇ ਮਾਤਾ ਜੀਤੋ ਕੌਰ ਦੇ ਘਰ ਹੋਇਆ। ਸਕੂਲ ਉਹ ਗਿਆ ਤਾਂ ਸਈ, ਪਰ ਤੀਜੀ ਜਮਾਤ ਤੋਂ ਅੱਗੇ ਨਾ ਜਾ ਸਕਿਆ। ਉਸ ਦਾ ਦਾਦਾ ਲੱਖਾ ਸਿੰਘ ਬਾਜ਼ੀ ਪਾਉਣ ਵਿੱਚ ਪੂਰਾ ਮਾਹਰ ਸੀ। ਬਰਾਦਰੀ ਦੀ ਰਵਾਇਤ ਅਨੁਸਾਰ ਇਸ ਨੂੰ ਬਾਰਾਂ ਪਿੰਡਾਂ ਵਿੱਚ ਬਾਜ਼ੀ ਪਾਉਣ ਦਾ ਅਧਿਕਾਰ ਸੀ, ਜੋ ਇਸ ਨੂੰ ਲੱਗੇ ਹੋਏ ਸਨ। ਇਹ ਚਾਰ ਭਰਾ ਸਨ। ਬਾਅਦ ਵਿੱਚ ਇਹ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਨਾਲ ਰਲਕੇ ਕਵੀਸ਼ਰੀ ਕਰਨ ਲੱਗ ਪਿਆ। ਬਾਜ਼ੀ ਵਿੱਚ ਇਨ੍ਹਾਂ ਦੀ ਵਿਰਾਸਤ ਨੂੰ ਅੱਗੇ ਸੰਭਾਲਿਆ ਇਨ੍ਹਾਂ ਦੇ ਪੁੱਤਰਾਂ ਗਮਦੂਰ ਸਿੰਘ ਤੇ ਗੁਰਜੰਟ ਸਿੰਘ ਨੇ। ਗੁਰਜੰਟ ਸਿੰਘ ਇਸ ਕਲਾ ਦਾ ਚੋਟੀ ਦਾ ਖਿਡਾਰੀ ਹੈ। ਕੇਸਰ ਨੇ ਬਚਪਨ ਤੋਂ ਹੀ ਚਾਚੇ ਗੁਰਜੰਟ ਸਿੰਘ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਕਈ ਸਾਲਾਂ ਦੀ ਮਿਹਨਤ ਨਾਲ ਜਵਾਨੀ ਤੱਕ ਪਹੁੰਚਦਿਆਂ ਉਹ ਆਪਣੇ ਹੁਨਰ ਵਿੱਚ ਮਾਹਰ ਹੋ ਗਿਆ।

ਬਾਜ਼ੀ ਪਾਉਣ ਵਾਲੀ ਇੱਕ ਟੋਲੀ ਵਿੱਚ ਅੱਠ ਤੋਂ ਬਾਰਾਂ ਤੱਕ ਕਲਾਕਾਰ ਹੁੰਦੇ ਹਨ, ਜਿਨ੍ਹਾਂ ਨੂੰ ‘ਖਿਡਾਰੀ’ ਕਿਹਾ ਜਾਂਦਾ ਹੈ। ਇੱਕ ਜਾਂ ਦੋ ਢੋਲੀ ਹੁੰਦੇ ਹਨ, ਪਹਿਲਾਂ ਇੱਕ ਟੋਲੀ ਦੇ ਮੁਖੀਏ ਕੋਲ ਬਾਰਾਂ ਪਿੰਡ ਹੁੰਦੇ ਸਨ। ਸਾਲ ਵਿੱਚ ਕੇਵਲ ਇੱਕ ਪਿੰਡ ਵਿੱਚ ਬਾਜ਼ੀ ਪੈਂਦੀ ਸੀ। ਇਸ ਤਰ੍ਹਾਂ ਬਾਰਾਂ ਸਾਲ ਬਾਅਦ ਪਹਿਲੇ ਪਿੰਡ ਦੀ ਵਾਰੀ ਆਉਂਦੀ ਸੀ। ਰੁੱਤ ਦੇਖ ਕੇ ਮਹੀਨਾ ਕੁ ਪਹਿਲਾਂ ਪਿੰਡ ਦੀ ਪੰਚਾਇਤ ਨਾਲ ਸਲਾਹ ਮਸ਼ਵਰਾ ਕਰਕੇ ਬਾਜ਼ੀ ਦਾ ਦਿਨ ਨਿਸ਼ਚਿਤ ਕਰ ਲਿਆ ਜਾਂਦਾ ਸੀ। ਬਾਜ਼ੀ ਪੈਣ ਤੋਂ ਦੋ ਦਿਨ ਪਹਿਲਾਂ ਬਾਜ਼ੀਗਰਾਂ ਦੀ ਟੋਲੀ ਪਿੰਡ ਵਿੱਚ ਪਹੁੰਚ ਜਾਂਦੀ ਸੀ। ਪਿੰਡ ਵਿੱਚ ਢੋਲ ਵਜਾ ਕੇ ਮੁਨਾਦੀ ਕੀਤੀ ਜਾਂਦੀ ਸੀ। ਏਸੇ ਤਰ੍ਹਾਂ ਗੁਆਂਢੀ ਪਿੰਡਾਂ ਵਿੱਚ ਵੀ ਸੂਚਨਾ ਦਿੱਤੀ ਜਾਂਦੀ ਸੀ। ਨਿਸ਼ਚਿਤ ਦਿਨ ਪਿੰਡ ਦੀ ਸੱਥ ਜਾਂ ਤਕੀਏ ਵਿੱਚ ਬਾਜ਼ੀ ਪਾਉਣ ਲਈ ਅਖਾੜਾ ਤਿਆਰ ਕਰ ਲਿਆ ਜਾਂਦਾ ਸੀ। ਇੱਕ ਲੋਕ ਬੋਲੀ ਵਿੱਚ ਇਸ ਬਾਰੇ ਇਉਂ ਕਿਹਾ ਗਿਆ ਹੈ:

ਤਕੀਏ ਪੈਂਦੀ ਬਾਜ਼ੀ, ਵੇ ਤੂੰ ਬਾਜ਼ੀ ਕਿਉਂ ਨੀਂ ਦੇਖਦਾ।

ਜੰਪ ਵਾਲੀ ‘ਫੱਟੀ’ ਜ਼ਮੀਨ ਵਿਚ ਗੱਡ ਲਈ ਜਾਂਦੀ ਸੀ। ਇਹ ਸਾਰੀ ਤਿਆਰੀ ਦੁਪਹਿਰ ਤੋਂ ਪਹਿਲਾਂ ਕਰਕੇ ਬਾਅਦ ਦੁਪਹਿਰ ਬਾਜ਼ੀ ਪਾਈ ਜਾਂਦੀ ਸੀ। ਆਰੰਭ ਵਿੱਚ ਢੋਲ ਵਜਾਇਆ ਜਾਂਦਾ ਜੋ ਨਗਰ ਵਾਸੀਆਂ ਲਈ ਸੂਚਨਾ ਹੁੰਦੀ ਸੀ ਕਿ ਬਾਜ਼ੀ ਸ਼ੁਰੂ ਹੋਣ ਜਾ ਰਹੀ ਹੈ। ਸਾਰੇ ਖਿਡਾਰੀ ਅਖਾੜੇ ਵਿੱਚ ਹਲਕੀ ਹਲਕੀ ਵਰਜਿਸ਼ ਕਰਦੇ ਸਨ। ਹੌਲੀ ਹੌਲੀ ਦਰਸ਼ਕਾਂ ਦਾ ਚੰਗਾ ਇਕੱਠ ਹੋ ਜਾਂਦਾ ਸੀ। ਬਾਜ਼ੀ ਵਾਲੇ ਖਿਡਾਰੀ ਕੇਵਲ ਸਰੀਰਕ ਕਰਤੱਵ ਹੀ ਨਹੀਂ ਦਿਖਾਉਂਦੇ, ਸਗੋਂ ਚੰਗੇ ਗਵੱਈਏ ਵੀ ਹੁੰਦੇ ਸਨ। ਸਭ ਤੋਂ ਪਹਿਲਾਂ ‘ਮੰਗਲਾਚਰਣ’ ਦੇ ਰੂਪ ਵਿੱਚ ਕਿਸੇ ਪ੍ਰਸਿੱਧ ਕਵੀ ਦੀਆਂ ਕੁਝ ਸਤਰਾਂ ਗਾ ਕੇ ਆਪਣੇ ਇਸ਼ਟ ਦੀ ਅਰਾਧਨਾ ਕਰਦੇ ਸਨ।

ਅੱਜਕੱਲ੍ਹ ਭਾਵੇਂ ਬਾਜ਼ੀ ਪਹਿਲਾਂ ਵਾਂਗ ਆਮ ਨਹੀਂ ਪੈਂਦੀ, ਪਰ ਜਿੱਥੇ ਪੈਂਦੀ ਹੈ, ਉਪਰੋਕਤ ਪਰੰਪਰਾ ਅਨੁਸਾਰ ਹੀ ਪੈਂਦੀ ਹੈ। ਕੇਸਰ ਸਿੰਘ ਨੇ ਦੱਸਿਆ ਕਿ ਬਾਜ਼ੀ ਵਾਲੇ ਦਿਨ ਦੁਪਹਿਰ ਤੋਂ ਪਹਿਲਾਂ ਅਖਾੜਾ ਤਿਆਰ ਕਰ ਲਿਆ ਜਾਂਦਾ ਹੈ। ਬਾਅਦ ਦੁਪਹਿਰ ਖਿਡਾਰੀ ਢੋਲ ਦੀ ਤਾਲ ਨਾਲ ਆਪੋ ਆਪਣੇ ਕਰਤੱਬ ਦਿਖਾਉਂਦੇ ਹਨ। ਸ਼ੁਰੂਆਤ ਪੁੱਠੀਆਂ ਤੇ ਸਿੱਧੀਆਂ ਛਾਲਾਂ ਤੋਂ ਕੀਤੀ ਜਾਂਦੀ ਹੈ। ਜਿਵੇਂ ਜਿਵੇਂ ਖਿਡਾਰੀਆਂ ਦੇ ਸਰੀਰ ਗਰਮ ਹੁੰਦੇ ਜਾਂਦੇ ਹਨ ਤਾਂ ਕਰਤੱਬ ਵੀ ਔਖੇ ਤੇ ਜੋਖ਼ਮ ਭਰੇ ਹੁੰਦੇ ਜਾਂਦੇ ਹਨ। ਛੁਰਿਆਂ ਦੇ ਵਿਚਕਾਰ ਪਟੜੀ ਦੀ ਛਾਲ, ਚਾਰ ਸੂਤਾ ਸਰੀਆ ਗਰਦਨ ਦੇ ਨਾਲ ਮੋੜਨਾ, ਇੱਕ ਫੁੱਟ ਚਾਰ ਇੰਚ ਲੋਹੇ ਦੇ ਕੜੇ (ਰਿੰਗ) ਵਿੱਚੋਂ ਤਿੰਨ ਆਦਮੀਆਂ ਦਾ ਲੰਘਣਾ, ਦੋ ਬਾਂਸ ਦੀਆਂ ਸੋਟੀਆਂ ਸਿਰਿਆਂ ਤੋਂ ਬੰਨ੍ਹਕੇ ਵਿੱਚੋਂ ਆਦਮੀ ਦਾ ਲੰਘਣਾ, ਦੰਦਾਂ ਨਾਲ ਗਾਡਰ ਸਿਰ ਉਤੋਂ ਦੀ ਪਿੱਛੇ ਸੁੱਟਣਾ, ਅੱਗ ਵਾਲੇ ਚੱਕਰ (ਤਿੰਨ ਫੁੱਟ ਚੌੜਾਈ) ਵਿੱਚੋਂ ਛਾਲ ਮਾਰ ਕੇ ਲੰਘਣਾ, ਸਿਰ ‘ਤੇ ਘੜਾ ਰੱਖ ਕੇ ਉੱਪਰ ਇੱਕ ਆਦਮੀ ਚੜ੍ਹਾਉਣਾ, ਬਾਰਾਂ ਜਾਂ ਚੌਦਾਂ ਡੰਡਿਆਂ ਵਾਲੀ ਲੱਕੜ ਦੀ ਪੌੜੀ ਉੱਪਰ ਮੰਜਾ ਬੰਨ੍ਹ ਕੇ ਉੱਪਰ ਦੀ ਉੱਚੀ ਛਾਲ ਲਾਉਣੀ ਆਦਿ। ਇਹ ਕਰਤੱਬ ਦਿਖਾਉਣ ਵਾਲੇ ਖਿਡਾਰੀਆਂ ਵਿੱਚ ਮੁਕਾਬਲੇ ਹੁੰਦੇ ਹਨ। ਦਰਸ਼ਕਾਂ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮ ਦਿੱਤੇ ਜਾਂਦੇ ਹਨ।

ਕਰਤੱਵ ਦਿਖਾਉਣ ਦੇ ਨਾਲ ਨਾਲ ਖਿਡਾਰੀ ਪ੍ਰਸਿੱਧ ਕਵੀਸ਼ਰਾਂ ਸਾਧੂ ਦਿਆ ਸਿੰਘ ਆਰਿਫ਼, ਬਾਬੂ ਰਜ਼ਬ ਅਲੀ, ਮਾਘੀ ਸਿੰਘ ਗਿੱਲ ਆਦਿ ਦੀਆਂ ਉਪਦੇਸ਼ਾਤਮਕ ਅਤੇ ਅਟੱਲ ਸਚਾਈਆਂ ਵਾਲੀਆਂ ਕਵਿਤਾਵਾਂ ਦਾ ਗਾਇਨ ਵਧੀਆ ਢੰਗ ਨਾਲ ਕਰਦੇ:

* ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ

ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜੇ।

ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ

ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁਕ ਜੇ।

ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ

ਜੰਗ ‘ਚ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ।

ਚੌਦਵੀਂ ਦਾ ਚੰਦ ਚੰਗਾ, ਬਾਬੂ ਜੀ ਦਾ ਛੰਦ ਚੰਗਾ

ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁਕ ਜੇ।

* ਰੋਜ਼ ਦਾ ਕਲੇਸ਼ ਬੁਰਾ, ਸਿਰ ਪਵੇ ਆਦਮੀ ਦੇ

ਸੰਸਾ ਹਮੇਸ਼ਾ ਰਹਿੰਦਾ, ਹੱਡੀਆਂ ਨੂੰ ਗਾਲਦਾ।

ਹਿੰਡੀ ਦਾ ਪ੍ਰਣ ਬੁਰਾ, ਨਿਭਾਵੇ ਨਾਲ ਸੀਸ ਦੇ

ਪੁੱਤਾਂ ਦਾ ਮਰਨ ਬੁਰਾ, ਸਿੱਕੇ ਵਾਂਗੂੰ ਢਾਲਦਾ।

* ਉੱਨੀ ਸਾਲ ਵਿੱਚ ਊਤ ਤੂੰ ਸੋਚਿਆ ਨਾ

ਸਦਾ ਨਹੀਂ ਜਵਾਨੀ ਦੀ ਘੜੀ ਰਹਿਣੀ।

ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰਲੈ

ਦੌਲਤ ਵਿੱਚ ਖਜ਼ਾਨਿਆਂ ਪੜੀ ਰਹਿਣੀ।

ਕੋਈ ਰੋਜ਼ ਤੂੰ ਸੜਕ ‘ਤੇ ਸੈਰ ਕਰ ਲੈ

ਬੱਘੀ ਵਿੱਚ ਤਬੇਲਿਆਂ ਖੜ੍ਹੀ ਰਹਿਣੀ।

ਦਾਰੂ ਬੂਟੀਆਂ ਲੱਖ ਇਲਾਜ ਕਰ ਲੈ

ਜਿੰਦ ਨਹੀਂ ਹਕੀਮ ਦੀ ਫੜੀ ਰਹਿਣੀ।

ਇੱਕ ਦਿਨ ਉਮਰ ਦੀ ਡੋਰ ਨੇ ਟੁੱਟ ਜਾਣਾ

ਗੁੱਡੀ ਸਦਾ ਨਹੀਂ ਅਰਸ਼ ‘ਤੇ ਚੜ੍ਹੀ ਰਹਿਣੀ।

ਇਨ੍ਹਾਂ ਕਾਵਿ ਸਤਰਾਂ ਦਾ ਦਰਸ਼ਕਾਂ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਕੇਸਰ ਸਿੰਘ ਬਾਜ਼ੀ ਦੇ ਸਾਰੇ ਕਰਤੱਬਾਂ ਵਿੱਚ ਮਾਹਰ ਹੈ। ਉਸ ਦੀ ਟੋਲੀ ਵਿੱਚ ਉਸ ਦਾ ਚਾਚਾ ਗੁਰਜੰਟ ਸਿੰਘ ਰਾਮਨਗਰ (ਬਠਿੰਡਾ), ਪਿਤਾ ਗਮਦੂਰ ਸਿੰਘ (ਢੋਲ ਮਾਸਟਰ), ਜਗਿੰਦਰ ਸਿੰਘ ਤੇ ਗੁਰਦੀਪ ਸਿੰਘ ਦੋਵੇਂ ਭਰਾ ਪਿੰਡ ਭਾਗੋ ਕੇ (ਫਿਰੋਜ਼ਪੁਰ), ਧਰਮਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਭਾਗੋਕੇ, ਜਿੰਦਾ ਸਿੰਘ ਪਿੰਡ ਮੇਹਰ ਸਿੰਘ ਵਾਲਾ (ਫਿਰੋਜ਼ਪੁਰ), ਸਤਨਾਮ ਸਿੰਘ ਨਵਾਂ ਸ਼ਹਿਰ ਆਦਿ ਖਿਡਾਰੀ ਸ਼ਾਮਲ ਹਨ।

ਬਠਿੰਡਾ ਜ਼ਿਲ੍ਹੇ ਦੇ ਇੱਕਾ-ਦੁੱਕਾ ਪਿੰਡਾਂ ਨੂੰ ਛੱਡ ਕੇ ਆਮ ਪਿੰਡਾਂ ਵਿੱਚ ਤਾਂ ਹੁਣ ਬਾਜ਼ੀ ਪਾਉਣ ਦਾ ਰਿਵਾਜ਼ ਨਹੀਂ ਰਿਹਾ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਉੱਤਰੀ ਖੇਤਰ ਸੱਭਿਆਚਾਰ ਕੇਂਦਰ ਵੱਲੋਂ ਕੇਸਰ ਸਿੰਘ ਹੋਰਾਂ ਦੀ ਟੋਲੀ ਵੱਖ-ਵੱਖ ਰਾਜਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਇਨ੍ਹਾਂ ਵਿੱਚ ਉਜੈਨ, ਦਿੱਲੀ, ਮੁੰਬਈ, ਜੱਬਲਪੁਰ, ਕਲਾ ਗ੍ਰਾਮ ਚੰਡੀਗੜ੍ਹ, ਪੰਜਾਬ ਕਲਾ ਭਵਨ, ਚੰਡੀਗੜ੍ਹ, ਕੁਰਕਸ਼ੇਤਰ, ਪਿੰਜੌਰ ਆਦਿ ਸ਼ਹਿਰ ਸ਼ਾਮਲ ਹਨ। ਪੰਜਾਬ ਵਿੱਚ ਸ਼ੀਸ਼ ਮਹਿਲ ਪਟਿਆਲਾ, ਸਰਸ ਮੇਲਾ ਬਠਿੰਡਾ, ਰੋਪੜ ਅਤੇ ਲੁਧਿਆਣਾ ਵਿੱਚ ਵੀ ਇਹ ਆਪਣੀ ਪੇਸ਼ਕਾਰੀ ਦੇ ਚੁੱਕੇ ਹਨ। ਅਕਤੂਬਰ 2022 ਵਿੱਚ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕਲਾ ਗ੍ਰਾਮ ਚੰਡੀਗੜ੍ਹ ਵਿਖੇ ਲਗਵਾਏ ਕਰਾਫਟ ਮੇਲੇ ਵਿੱਚ ਪੰਜ ਦਿਨ ਤੱਕ ਇਨ੍ਹਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ।

ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਲੋਕ ਕਲਾਵਾਂ ਦੀ ਸੰਭਾਲ ਲਈ ਕੋਈ ਪੱਕੀ ਨੀਤੀ ਬਣਾਕੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਬਜ਼ੁਰਗ ਕਲਾਕਾਰਾਂ ਨੂੰ ਪੈਨਸ਼ਨ ਲਾ ਕੇ ਉਨ੍ਹਾਂ ਦਾ ਬੁਢਾਪਾ ਸੁਰੱਖਿਅਤ ਕਰਨਾ ਚਾਹੀਦਾ ਹੈ। ਜੇਕਰ ਇਨ੍ਹਾਂ ਕਲਾਵਾਂ ਦੀ ਸੰਭਾਲ ਲਈ ਉਚੇਚੇ ਯਤਨ ਨਾ ਕੀਤੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਇਨ੍ਹਾਂ ਕਲਾਵਾਂ ਦੇ ਨਾਂ ਵੀ ਕੇਵਲ ਕਿਤਾਬਾਂ ‘ਚੋਂ ਪੜ੍ਹਕੇ ਹੀ ਪਤਾ ਲੱਗਿਆ ਕਰਨਗੇ। ਸੋ ਅਜੇ ਵਕਤ ਹੈ, ਜੇ ਸੰਭਾਲ ਲਿਆ ਜਾਵੇ।
ਸੰਪਰਕ: 84271-00341



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -