ਪਣਜੀ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਦਾ ਟੀਚਾ ਭਾਰਤੀ ਕੌਮਾਂਤਰੀ ਫਿਲਮ ਫੈਸਟੀਵਲ (ਆਈਐੱਫਐੱਫਆਈ) ਨੂੰ ਗਲੋਬਲ ਕੰਟੈਂਟ ਦੀ ਇਕ ਮੰਜ਼ਿਲ ਵਜੋਂ ਸਥਾਪਤ ਕਰਨਾ ਹੈ ਜਿੱਥੇ ਫਿਲਮ ਦੀ ਸਮੱਗਰੀ, ਫਿਲਮ ਦਾ ਨਿਰਮਾਣ ਅਤੇ ਸ਼ੂਟਿੰਗ ਇਕ ਛੱਤ ਹੇਠ ਮੁਹੱਈਆ ਹੋਵੇਗੀ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐੱਫਐੱਫਆਈ) ਦੇ 53ਵੇਂ ਐਡੀਸ਼ਨ ਦੀ ਸ਼ੁਰੂਆਤ ਅੱਜ ਗੋਆ ਵਿੱਚ ਹੋਈ। ਇਸ ਸਬੰਧੀ ਸਮਾਰੋਹ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੁੱਖ ਮਹਿਮਾਨ ਵਜੋਂ ਪੁੱਜੇ। ਇਹ ਸਮਾਗਮ ਨੌਂ ਦਿਨ ਚੱਲੇਗਾ ਜਿਸ ਦੇ ਪਹਿਲੇ ਦਿਨ ਬੌਲੀਵੁੱਡ ਅਦਾਕਾਰ ਅਜੈ ਦੇਵਗਨ, ਕਾਰਤਿਕ ਆਰੀਅਨ, ਪੰਕਜ ਤ੍ਰਿਪਾਠੀ, ਮਨੋਜ ਬਾਜਪਾਈ, ਸੁਨੀਲ ਸ਼ੈਟੀ, ਵਰੁਣ ਧਵਨ ਅਤੇ ਸਾਰਾ ਅਲੀ ਖਾਨ ਸਮੇਤ ਹੋਰ ਉੱਘੀਆਂ ਫਿਲਮੀ ਹਸਤੀਆਂ ਪੁੱਜੀਆਂ। ਸ੍ਰੀ ਠਾਕੁਰ ਨੇ ਕਿਹਾ, ”ਇਹ ਸਮਾਗਮ ਏਸ਼ੀਆ ਦਾ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ ਅਤੇ ਅਸੀਂ ਇਸ ਨੂੰ ਇਕ ਅਜਿਹੇ ਪਲੈਟਫਾਰਮ ਵਜੋਂ ਸਥਾਪਤ ਕਰਨਾ ਚਾਹੁੰਦੇ ਹਾਂ ਜਿੱਥੇ ਦੇਸ਼ ਅਤੇ ਦੁਨੀਆਂ ਦੇ ਉੱਘੇ ਫਿਲਮ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇ। ਅਸੀਂ ਭਾਰਤ ਨੂੰ ਇਕ ਗਲੋਬਲ ਕੰਟੈਂਟ ਹੱਬ ਵਜੋਂ ਵਿਕਸਤ ਕਰਨਾ ਚਾਹੁੰਦੇ ਹਾਂ।” ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮਨੋਰਥ ਇਸ ਸਮਾਗਮ ਦੇ ਸਿਰਫ ਜਸ਼ਨ ਮਨਾਉਣਾ ਹੀ ਨਹੀਂ ਹੈ ਸਗੋਂ ਭਾਰਤੀ ਫਿਲਮ ਉਦਯੋਗ ਨੂੰ ਇਸ ਦੇ ਫਿਲਮ ਬਾਜ਼ਾਰ ਰਾਹੀਂ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਇਕ ਸਹਿਯੋਗੀ ਮਾਹੌਲ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ, ”ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਕੋਲ ਸਿਖਲਾਈ ਪ੍ਰਾਪਤ ਤੇ ਹੁਨਰਮੰਦ ਕਾਮਿਆਂ ਦੇ ਨਾਲ ਹਰ ਤਰ੍ਹਾਂ ਦੀਆਂ ਸਮਰੱਥਾਵਾਂ ਤੇ ਸੰਭਾਵਨਾਵਾਂ ਹਨ।” ਉਨ੍ਹਾਂ ਕਿਹਾ, ”ਜਿਸ ਢੰਗ ਨਾਲ ਭਾਰਤ ਵਿੱਚ ਤਕਨਾਲੋਜੀ ਦਾ ਇਸਤੇਮਾਲ ਹੋ ਰਿਹਾ ਹੈ, ਹੁਣ ਸਾਡੇ ਕੋਲ ਖੇਤਰੀ ਸਮੱਗਰੀ ਨੂੰ ਕੌਮਾਂਤਰੀ ਬਣਾਉਣ ਦੀ ਸ਼ਕਤੀ ਵੀ ਹੈ।” ਪਹਿਲੀ ਵਾਰ ਇਸ ਫਿਲਮ ਫੈਸਟੀਵਲ ਵਿੱਚ ਕਈ ਦੇਸ਼ਾਂ ਦੇ ਪੈਵੇਲੀਅਨ ਹਨ। ਇਸ ਤੋਂ ਇਲਾਵਾ ਇਸ ਫਿਲਮ ਬਾਜ਼ਾਰ ਵਿੱਚ ਹਿੱਸਾ ਲੈਣ ਵਾਲੇ ਸੂਬਿਆਂ ਵਿੱਚ ਪੰਜਾਬ, ਬਿਹਾਰ, ਗੁਜਰਾਤ, ਤਾਮਿਲਨਾਡੂ ਅਤੇ ਮਹਾਰਾਸ਼ਟਰ ਸ਼ਾਮਲ ਹੋ ਰਹੇ ਹਨ। ਇਸ ਫਿਮਲ ਬਾਜ਼ਾਰ ਵਿੱਚ ਰੂਸ ਤੇ ਫਰਾਂਸ ਦੀ ਵੱਡੀ ਸ਼ਮੂਲੀਅਤ ਹੈ। -ਪੀਟੀਆਈ