ਨਵੀਂ ਦਿੱਲੀ, 25 ਨਵੰਬਰ
ਦਿੱਲੀ ਹਾਈ ਕੋਰਟ ਨੇ ਅੱਜ ਇਕ ਅੰਤ੍ਰਿਮ ਆਦੇਸ਼ ਜਾਰੀ ਕੀਤਾ ਜਿਸ ਰਾਹੀਂ ਅਦਾਕਾਰ ਅਮਿਤਾਭ ਬੱਚਨ ਦੀ ਆਵਾਜ਼, ਤਸਵੀਰਾਂ ਆਦਿ ਅਣ-ਅਧਿਕਾਰਤ ਤੌਰ ‘ਤੇ ਇਸਤੇਮਾਲ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਅਮਿਤਾਭ ਬੱਚਨ ਨੇ ਇਕ ਪਟੀਸ਼ਨ ਦਾਇਰ ਕਰਦੇ ਹੋਏ, ‘ਕੇਬੀਸੀ ਲਾਟਰੀ’ ਚਲਾਉਣ ਵਾਲਿਆਂ ਸਣੇ ਕਈ ਲੋਕਾਂ ‘ਤੇ ‘ਇਕ ਮਸ਼ਹੂਰ ਸ਼ਖਸੀਅਤ ਹੋਣ ਦੇ ਨਾਤੇ ਉਨ੍ਹਾਂ ਦੇ ਪ੍ਰਚਾਰ ਦੇ ਅਧਿਕਾਰ’ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਸੀ। ਜਸਟਿਸ ਨਵੀਨ ਚਾਵਲਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੱਚਨ ਇਕ ਹਰਮਨਪਿਆਰੀ ਸ਼ਖ਼ਸੀਅਤ ਹਨ ਅਤੇ ਜੇਕਰ ਉਨ੍ਹਾਂ ਨੂੰ ਇਸ ਪੱਧਰ ‘ਤੇ ਰਾਹਤ ਨਾ ਦਿੱਤੀ ਗਈ ਤਾਂ ਉਨ੍ਹਾਂ ਨੂੰ ਇਕ ਨਾ ਪੂਰਾ ਹੋਣ ਵਾਲੇ ਘਾਟੇ ਤੇ ਬਦਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਦਾਲਤ ਨੇ ਟੈਲੀਕਾਮ ਅਧਿਕਾਰੀਆਂ ਨੂੰ ਉਨ੍ਹਾਂ ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ‘ਤੇ ਬੱਚਨ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਮੌਜੂਦ ਹੈ। ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਨੂੰ ਅਜਿਹੇ ਸੁਨੇਹਿਆਂ ਨੂੰ ਪ੍ਰਸਾਰਿਤ ਕਰਨ ਵਾਲੇ ਟੈਲੀਫੋਨ ਨੰਬਰ ਨੂੰ ਵੀ ਬਲਾਕ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। -ਪੀਟੀਆਈ