ਮੁੰਬਈ: ਜਦੋਂ ਤੋਂ ਪਾਕਿਸਤਾਨੀ ਅਦਾਕਾਰਾਂ ਅਤੇ ਕਲਾਕਾਰਾਂ ‘ਤੇ ਭਾਰਤੀ ਸਿਨੇ ਜਗਤ ਵਿੱਚ ਕੰਮ ਕਰਨ ਉੱਤੇ ਪਾਬੰਦੀ ਲੱਗੀ ਹੈ ਤਾਂ ਫਵਾਦ ਖਾਨ ਦੇ ਚਾਹੁਣ ਵਾਲੇ ਇਹ ਜਾਣਨ ਲਈ ਉਤਾਵਲੇ ਹਨ ਕਿ ਉਹ ਅੱਜ-ਕੱਲ੍ਹ ਕੀ ਕਰ ਰਿਹਾ ਹੈ। ਫਵਾਦ ਖਾਨ ਅੱਜ 41 ਸਾਲਾਂ ਦਾ ਹੋ ਗਿਆ ਹੈ। ਜੇਕਰ ਫਵਾਦ ਦੇ ਭਾਰਤੀ ਸਿਨੇ ਜਗਤ ਨਾਲ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਆਖ਼ਰੀ ਵਾਰ ਕਰਨ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਲ’ ਵਿੱਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਕਿਸੇ ਵੀ ਭਾਰਤੀ ਪ੍ਰਾਜੈੈੈਕਟ ਦਾ ਹਿੱਸਾ ਨਹੀਂ ਰਿਹਾ। ਭਾਰਤੀ ਸਿਨੇ ਜਗਤ ‘ਚੋਂ ਲਾਂਭੇ ਹੋਣ ਮਗਰੋਂ ਉਸ ਦੇ ਪ੍ਰਸ਼ੰਸਕ ਉਸ ਨੂੰ ਪਾਕਿਸਤਾਨੀ ਫ਼ਿਲਮ ਜਗਤ ਦੇਖਣ ਲਈ ਬਹੁਤ ਉਤਾਵਲੇ ਸਨ ਪਰ ਉਨ੍ਹਾਂ ਨੂੰ ਆਪਣੇ ਚਹੇਤੇ ਸਿਤਾਰੇ ਨੂੰ ‘ਐਕਸ਼ਨ’ ਵਿਚ ਦੇਖਣ ਲਈ ਛੇ ਸਾਲਾਂ ਦਾ ਲੰਮਾ ਇੰਤਜ਼ਾਰ ਕਰਨਾ ਪਿਆ। ਹਾਲ ਹੀ ਵਿੱਚ ਫਵਾਦ ਖਾਨ ਦੀ ਪਾਕਿਸਤਾਨ ਵਿੱਚ ਫ਼ਿਲਮ ‘ਮੌਲਾ ਜੱਟ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਵਿੱਚ ਫਵਾਦ ਖਾਨ ਨਾਲ ਪਾਕਿਸਤਾਨੀ ਡਰਾਮਾ ‘ਹਮਸਫ਼ਰ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਮਾਹਿਰਾ ਖਾਨ ਅਹਿਮ ਭੂਮਿਕਾ ਵਿਚ ਹੈ। ਫਵਾਦ ਖਾਨ ਕੁਝ ਸਮਾਂ ਫਿਲਮੀ ਦੁਨੀਆਂ ਤੋਂ ਦੂਰ ਰਿਹਾ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਉਸ ਦੇ ਚਾਹੁਣ ਵਾਲਿਆਂ ਨੂੰ ਆਪਣੇ ਸਿਤਾਰੇ ਨੂੰ ਦੇਖਣ ਲਈ ਹੋਰ ਛੇ ਸਾਲਾਂ ਦਾ ਇੰਤਜ਼ਾਰ ਨਹੀਂ ਕਰਨਾ ਪੈਣਾ! ਫਵਾਦ ਖਾਨ ਕੋਲ ਹੁਣ ਬਹੁਤ ਸਾਰੇ ਪ੍ਰਾਜੈਕਟ ਹਨ। ਉਹ ਹੁਣ ਪਾਕਿਸਤਾਨੀ ਫ਼ਿਲਮ ‘ਮਨੀ ਬੈਕ ਗਾਰੰਟੀ’ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿਚ ਉਸ ਦੇ ਨਾਲ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਵਸੀਮ ਅਕਰਮ ਵੀ ਅਹਿਮ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਫਵਾਦ ਖਾਨ ਫ਼ਿਲਮ ‘ਨੀਲੋਫਰ ਵਿੱਚ ਮਾਹਿਰਾ ਖਾਨ ਨਾਲ ਦਿਖਾਈ ਦੇਵੇਗਾ। ਉਹ ਇਕ ਫਿਲਮ ਵੀ ਪ੍ਰੋਡਿਊਸ ਕਰ ਰਿਹਾ ਹੈ। -ਏਐੱਨਆਈ