ਕੁਲਵਿੰਦਰ ਸੰਧੂ
ਮੋਗਾ, 1 ਦਸੰਬਰ
ਇਸ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣੇ ਵਿੱਚ ਪੰਜਾਬੀ ਗਾਇਕ ਕੁਲਜੀਤ ਰਾਜੇਆਣਾ ਵਿਰੁੱਧ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਕੁਲਜੀਤ ਦੇ ਪ੍ਰਮੋਟਰਾਂ ਨੇ ਬੁੱਧਵਾਰ ਨੂੰ ਯੂਟਿਊਬ ‘ਤੇ ‘ਮਹਾਕਾਲ’ ਨਾਮ ਦਾ ਗੀਤ ਅੱਪਲੋਡ ਕੀਤਾ ਸੀ, ਜਿਸ ਦੇ ਬੋਲ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ। ਇਸ ਦੌਰਾਨ ਗੀਤ ਨੂੰ ਯੂਟਿਊਬ ‘ਤੇ ਅੱਪਲੋਡ ਕਰਨ ਦੇ 19 ਘੰਟਿਆਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗਾਇਕ ਕੁਲਜੀਤ ਰਾਜੇਆਣਾ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਹੈ। ਗਾਇਕ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰਮੋਟਰਾਂ ਨੂੰ ਮਨਾਹੀ ਦੇ ਹੁਕਮਾਂ ਬਾਰੇ ਪਤਾ ਨਹੀਂ ਸੀ ਅਤੇ ਹੁਣ ਉਨ੍ਹਾਂ ਨੇ ਯੂਟਿਊਬ ਤੋਂ ਗੀਤ ਨੂੰ ਹਟਾ ਦਿੱਤਾ ਹੈ।