ਮੁੰਬਈ: ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਆਖਿਆ ਕਿ ਉਹ ਚਾਹੁੰਦਾ ਹੈ ਕਿ ਉਸ ਦੇ ਜੀਵਨ ਬਾਰੇ ਬਣਨ ਵਾਲੀ ਫ਼ਿਲਮ ਦਾ ਰਣਵੀਰ ਸਿੰਘ ਜ਼ਰੂਰ ਹਿੱਸਾ ਹੋਵੇ ਕਿਉਂਕਿ ਉਹ ਬਹੁਤ ਵਧੀਆ ਢੰਗ ਨਾਲ ਕਿਰਦਾਰ ਨਿਭਾਅ ਸਕਦਾ ਹੈ। ਫ਼ਿਲਮ ਨਿਰਮਾਤਾ ਨੇ ਆਖਿਆ ਕਿ ਉਸ ਦੀ ਇੱਛਾ ਹੈ ਕਿ ਉਸ ਦੇ ਬਚਪਨ ਨੂੰ ਵੀ ਪਰਦੇ ‘ਤੇ ਦਿਖਾਇਆ ਜਾਵੇ ਕਿਉਂਕਿ ਉਸ ਦੇ ਬਚਪਨ ਦੀਆਂ ਬਹੁਤ ਸ਼ਾਨਦਾਰ ਯਾਦਾਂ ਹਨ। ਇਥੇ ਇੱਕ ਲਾਈਵ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਕਰਨ ਨੇ ਆਖਿਆ,”ਮੈਂ ਸਮਝਦਾ ਹਾਂ ਕਿ ਰਣਬੀਰ ਸਿੰਘ ‘ਗਿਰਗਿਟ’ ਵਰਗਾ ਹੈ ਅਤੇ ਉਹ ਇਸ ਕਿਰਦਾਰ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਨਿਭਾਏਗਾ।” ਜਾਣਕਾਰੀ ਅਨੁਸਾਰ ਕਰਨ ਜੌਹਰ ਦਾ ਜਨਮ ਪ੍ਰੋਡਿਊਸਰ ਯਸ਼ ਜੌਹਰ ਅਤੇ ਹੀਰੂ ਜੌਹਰ ਦੇ ਘਰ ਹੋਇਆ। ਕਰਨ ਨੇ ਆਪਣੇ ਨਿਰਦੇਸ਼ਨ ਹੇਠ ਪਹਿਲੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਬਣਾਈ ਸੀ ਅਤੇ ਇਸ ਤੋਂ ਬਾਅਦ ਉਸ ਨੇ ‘ਕਭੀ ਖੁਸ਼ੀ ਕਭੀ ਗ਼ਮ’, ‘ਕਭੀ ਅਲਵਿਦਾ ਨਾ ਕਹਿਨਾ, ‘ਮਾਈ ਨੇਮ ਇਜ਼ ਖ਼ਾਨ, ਅਤੇ ‘ਸਟੂਡੈਂਟ ਆਫ ਦਿ ਯੀਅਰ’ ਵਰਗੀਆਂ ਫ਼ਿਲਮਾਂ ਬਣਾਈਆਂ। ਕਰਨ ਨੇ ਆਖਿਆ,”ਮੇਰਾ ਬਚਪਨ ਬਹੁਤ ਸ਼ਾਨਦਾਰ ਸੀ। ਮੇਰਾ ਮਾਤਾ-ਪਿਤਾ ਬਹੁਤ ਚੰਗੇ ਸਨ ਅਤੇ ਉਨ੍ਹਾਂ ਮੈਨੂੰ ਜ਼ਿੰਦਗੀ ਵਿੱਚ ਬਹੁਤ ਚੰਗੀਆਂ ਗੱਲਾਂ ਸਿਖਾਈਆਂ ਹਨ। ਮੈਂ ਬਚਪਨ ਵਿੱਚ ਹੋਰ ਬੱਚਿਆਂ ਨਾਲੋਂ ਕਾਫੀ ਅਲੱਗ ਸੀ ਅਤੇ ਮੈਨੂੰ ਇਸ ਦਾ ਮੁੱਲ ਵੀ ਤਾਰਨਾ ਪਿਆ। -ਆਈਏਐੱਨਐੱਸ