ਹਰਜੀਤ ਸਿੰਘ*
ਲੰਘੀ 16 ਨਵੰਬਰ ਨੂੰ ਨਾਸਾ ਨੇ ਆਪਣੇ ਨਵੇਂ ਮਿਸ਼ਨ ਆਰਟੀਮਿਸ ਦਾ ਪਹਿਲਾ ਲਾਂਚ ਕੀਤਾ| ਇਸ ਵਿੱਚ ਵਰਤਿਆ ਗਿਆ ਰਾਕੇਟ SLS (ਐੱਸਐੱਲਐੱਸ) ਦੁਨੀਆ ਦਾ ਸਭ ਤੋਂ ਤਕੜਾ ਰਾਕੇਟ ਹੈ| ਇਸ ਮਿਸ਼ਨ ਨਾਲ ਨਾਸਾ ਨੇ ਚੰਨ ‘ਤੇ ਵਾਪਸ ਜਾਣ ਦੇ ਪ੍ਰੋਗਰਾਮ ਦੀ ਪਹਿਲੀ ਪੁਲਾਂਘ ਪੁੱਟ ਲਈ ਹੈ| ਬਿਨਾਂ ਇਨਸਾਨ ਤੋਂ ਚੰਨ ਤੱਕ ਜਾ ਕੇ ਮੁੜਨ ਵਾਲਾ ਇਹ ਮਿਸ਼ਨ ਅਸਲ ਵਿੱਚ ਇੱਕ ਪਰੀਖਣ ਸੀ| ਕੁਝ ਹੋਰ ਪਰੀਖਣ ਉਡਾਣਾਂ ਤੋਂ ਬਾਅਦ ਇਨਸਾਨ ਨੂੰ ਇਸੇ ਰਾਕੇਟ ਵਿੱਚ ਬਿਠਾ ਕੇ ਚੰਨ ‘ਤੇ ਭੇਜਿਆ ਜਾਵੇਗਾ| ਇਸ ਪ੍ਰੋਗਰਾਮ ਵਿੱਚ ਪਹਿਲੀ ਔਰਤ ਨੂੰ ਵੀ ਚੰਨ ‘ਤੇ ਭੇਜਣ ਦੀ ਯੋਜਨਾ ਹੈ|
ਇਹ ਲਾਂਚ ਸਾਨੂੰ 1960-70 ਦੇ ਦੌਰ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਦੋਂ ਚੰਨ ਵੱਲ ਤਾਬੜਤੋੜ ਮਿਸ਼ਨ ਭੇਜੇ ਗਏ ਸਨ| ਦੂਜੀ ਵਿਸ਼ਵ ਜੰਗ ਤੋਂ ਬਾਅਦ ਰੂਸ ਅਤੇ ਅਮਰੀਕਾ ਵਿੱਚ ਪੁਲਾੜ ਵਿੱਚ ਸਰਵੋਤਮਤਾ ਸਾਬਤ ਕਰਨ ਲਈ ਪੁਲਾੜ ਦੌੜ ਚਾਲੂ ਹੋ ਗਈ| ਇਸ ਜੰਗ ਵਿੱਚ ਰੂਸ ਨੇ ਪਹਿਲਾ ਮਸਨੂਈ ਉਪਗ੍ਰਹਿ ਭੇਜ ਕੇ ਅਤੇ ਪਹਿਲਾ ਇਨਸਾਨ ਪੁਲਾੜ ਵਿੱਚ ਭੇਜ ਕੇ ਕਾਫ਼ੀ ਲੀਡ ਲੈ ਲਈ ਸੀ| ਆਪਣੇ ਵੱਕਾਰ ਨੂੰ ਕਾਇਮ ਰੱਖਣ ਲਈ ਅਮਰੀਕਾ ਨੇ ਚੰਨ ‘ਤੇ ਪਹਿਲਾ ਇਨਸਾਨ ਭੇਜਣ ਦਾ ਐਲਾਨ ਕੀਤਾ|
ਜਿੱਥੋਂ ਤੱਕ ਚੰਨ ‘ਤੇ ਪਹੁੰਚਣ ਦਾ ਸਵਾਲ ਹੈ ਤਾਂ ਰੂਸ ਇਹ ਕੰਮ ਪਹਿਲਾਂ ਹੀ ਕਰ ਚੁੱਕਾ ਸੀ| ਹਾਲਾਂਕਿ ਚੰਨ ਤੱਕ ਪਹੁੰਚਣ ਦੀ ਪਹਿਲੀ ਕੋਸ਼ਿਸ਼ ਅਮਰੀਕਾ ਨੇ 1958 ਵਿੱਚ ਪਾਇਓਨੀਰ-0 ਰਾਹੀਂ ਕੀਤੀ ਸੀ, ਪਰ ਇਹ ਮਿਸ਼ਨ ਸਫਲ ਨਾ ਹੋ ਸਕਿਆ| ਰੂਸ ਅਤੇ ਅਮਰੀਕਾ ਦੀਆਂ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਰੂਸ ਨੇ ਆਪਣੇ ਮਿਸ਼ਨ ਲੂਨਾ-2 ਨੂੰ ਚੰਨ ‘ਤੇ ਸਫਲਤਾ ਪੂਰਵਕ ਪਹੁੰਚਾਇਆ| ਇਹ ਇੱਕ ਸਖ਼ਤ ਉਤਰਾਈ ਸੀ ਜਿਸ ਵਿੱਚ ਉਪਗ੍ਰਹਿ ਨੂੰ ਜਾਣ ਬੁੱਝ ਕੇ ਚੰਨ ਦੀ ਜ਼ਮੀਨ ‘ਤੇ ਤੇਜ਼ ਗਤੀ ਨਾਲ ਸੁੱਟਿਆ ਗਿਆ| ਇਸ ਤੋਂ ਬਾਅਦ ਲੂਨਾ-3 ਨੇ ਚੰਨ ਦੇ ਦੁਰੇਡੇ ਪਾਸੇ ਦੀਆਂ ਪਹਿਲੀਆਂ ਤਸਵੀਰਾਂ ਭੇਜੀਆਂ| ਅਮਰੀਕਾ ਦੀ ਚੰਨ ‘ਤੇ ਜਾਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਅਤੇ ਪਹਿਲੇ 15 ਮਿਸ਼ਨ ਲਗਾਤਾਰ ਫੇਲ੍ਹ ਹੋਏ| ਉਸ ਤੋਂ ਅਗਲਾ ਰੇਂਜਰ-4 ਵੀ ਕੁਦਰਤੀ ਚੰਨ ਦੇ ਦੁਰੇਡੇ ਪਾਸੇ ਸਖ਼ਤ ਤਰੀਕੇ ਨਾਲ ਉਤਰਿਆ| 1958 ਵਿੱਚ ਸ਼ੁਰੂ ਕੀਤੇ ਅਮਰੀਕੀ ਪ੍ਰੋਗਰਾਮ ਦੀ ਪਹਿਲੀ ਸਫਲ ਉਡਾਣ 1964 ਵਿੱਚ ਰੇਂਜਰ-7 ਦੀ ਸਖ਼ਤ ਉਤਰਾਈ ਵਿੱਚ ਹੋਈ| ਇਸ ਤੋਂ ਬਾਅਦ ਰੂਸ ਨੇ 1966 ਵਿੱਚ ਲੂਨਾ-9 ਨੂੰ ਚੰਨ ‘ਤੇ ਨਰਮ ਉਤਰਾਈ ਕਰਵਾ ਕੇ ਵਾਪਸ ਧਰਤੀ ‘ਤੇ ਲੈ ਆਂਦਾ| ਨਰਮ ਉਤਰਾਈ ਦਾ ਮਤਲਬ ਹੈ ਕਿ ਉਲਟੇ ਲੱਗੇ ਰਾਕੇਟਾਂ ਦੀ ਮਦਦ ਨਾਲ ਉਪਗ੍ਰਹਿ ਦੀ ਗਤੀ ਘਟਾ ਕੇ ਹੌਲੇ ਜਿਹੇ ਉਤਾਰਨਾ ਤਾਂਕਿ ਉਪਗ੍ਰਹਿ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ|
ਚੰਨ ‘ਤੇ ਇਨਸਾਨ ਨੂੰ ਲਿਜਾਣ ਲਈ ਇੱਕ ਤਕੜੇ ਰਾਕੇਟ ਦੀ ਲੋੜ ਸੀ| ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਇਨਸਾਨ ਦੇ ਇੰਨੇ ਦਿਨ ਪੁਲਾੜ ਵਿੱਚ ਰਹਿਣ ਲਈ ਜ਼ਰੂਰੀ ਹਵਾ ਅਤੇ ਭੋਜਨ ਆਦਿ ਨਾਲ ਲਿਜਾਣ ਕਰਕੇ ਭਾਰ ਬਹੁਤ ਵਧ ਜਾਂਦਾ ਹੈ| ਦੂਸਰਾ ਰਾਕੇਟ ਨੂੰ ਚੰਨ ‘ਤੇ ਉੱਤਰ ਕੇ ਵਾਪਸ ਵੀ ਆਉਣਾ ਪੈਂਦਾ ਹੈ ਜਿਸ ਲਈ ਜ਼ਿਆਦਾ ਬਾਲਣ ਦੀ ਲੋੜ ਪੈਂਦੀ ਹੈ| ਤੀਜਾ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੇ ਸਮੇਂ ਰਾਕੇਟ ਦੀ ਬਾਹਰਲੀ ਸਤਹ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ ਅਤੇ ਅੰਦਰੂਨੀ ਤਾਪਮਾਨ ਨੂੰ ਘੱਟ ਰੱਖਣ ਲਈ ਮੋਟੀ ਤਾਪ-ਰੋਧੀ ਪਰਤ ਦਾ ਇਸਤੇਮਾਲ ਕਰਨਾ ਪੈਂਦਾ ਹੈ ਜੋ ਰਾਕੇਟ ਦੇ ਭਾਰ ਨੂੰ ਹੋਰ ਵਧਾਉਂਦੀ ਹੈ| ਉਸ ਸਮੇਂ ਦੇ ਕਿਸੇ ਵੀ ਰਾਕੇਟ ਕੋਲ ਇਹ ਸਮਰੱਥਾ ਨਹੀਂ ਸੀ ਕਿ ਇਹ ਸਭ ਸ਼ਰਤਾਂ ਪੂਰੀਆਂ ਕਰਦੇ ਹੋਏ ਇਨਸਾਨ ਨੂੰ ਚੰਨ ਤੱਕ ਲਿਜਾ ਸਕਣ| ਇਸ ਲਈ ਅਮਰੀਕਾ ਨੇ ਸੈਟਰਨ-V ਅਤੇ ਰੂਸ ਨੇ N1 ਰਾਕੇਟ ਦਾ ਨਿਰਮਾਣ ਸ਼ੁਰੂ ਕੀਤਾ| ਸੈਟਰਨ-V ਰਾਕੇਟ ਵਿੱਚ ਬੈਠ ਕੇ ਹੀ ਅਮਰੀਕਾ ਦੇ ਤਿੰਨ ਪੁਲਾੜ ਯਾਤਰੀਆਂ: ਨੀਲ ਆਰਮਸਟ੍ਰਾਂਗ, ਬਜ਼ ਐਲਡ੍ਰਿਨ ਅਤੇ ਮਾਈਕਲ ਕੌਲਿਨਸ ਨੇ 21 ਦਸੰਬਰ 1969 ਨੂੰ ਚੰਨ ਵੱਲ ਉਡਾਣ ਭਰੀ| ਇਨ੍ਹਾਂ ਵਿੱਚੋਂ ਨੀਲ ਨੂੰ ਸਭ ਤੋਂ ਪਹਿਲਾਂ ਚੰਨ ‘ਤੇ ਉਤਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਸ ਨੇ ਇਤਿਹਾਸਕ ਗੱਲ ਕਹੀ, “ਇਹ ਮਨੁੱਖ ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖਜਾਤੀ ਲਈ ਵੱਡੀ ਛਾਲ ਹੈ|” ਬਜ਼ ਉਸ ਤੋਂ ਬਾਅਦ ਉਤਰਿਆ| ਕੌਲਿਨਸ ਚੰਨ ‘ਤੇ ਨਹੀਂ ਉਤਰਿਆ ਅਤੇ ਔਰਬਿਟਰ ਵਿੱਚ ਬੈਠਾ ਚੰਨ ਦੇ ਗੇੜੇ ਲਗਾਉਂਦਾ ਰਿਹਾ| ਰੂਸ ਦਾ N1 ਰਾਕੇਟ ਸਫਲ ਨਾ ਹੋ ਸਕਿਆ ਅਤੇ ਅਮਰੀਕਾ ਇਸ ਮਿਸ਼ਨ ਨਾਲ ਪੁਲਾੜ ਦੌੜ ਦਾ ਜੇਤੂ ਬਣ ਗਿਆ|
ਇਸ ਮਿਸ਼ਨ ਦੀ ਜਟਿਲਤਾ ਦੇ ਪੱਧਰ ਕਾਰਨ, ਉਸ ਸਮੇਂ ਕੁਝ ਲੋਕਾਂ ਨੇ ਇਸ ਇਤਿਹਾਸਕ ਪ੍ਰਾਪਤੀ ਨੂੰ ਨਕਾਰਿਆ ਅਤੇ ਕਿਹਾ ਕਿ ਅਮਰੀਕਾ ਨੇ ਨਮੋਸ਼ੀ ਤੋਂ ਬਚਣ ਲਈ ਇਹ ਸਭ ਇੱਕ ਸਟੂਡੀਓ ਵਿੱਚ ਫਿਲਮਾ ਕੇ ਦਿਖਾ ਦਿੱਤਾ| ਨਾਸਾ ਨੇ ਇਸ ਨੂੰ ਕਈ ਵਾਰ ਝੁਠਲਾਇਆ ਹੈ ਅਤੇ ਇੱਥੋਂ ਤੱਕ ਕੇ ਉਸਦੇ ਵਿਰੋਧੀ ਰੂਸ ਨੇ ਵੀ ਕਦੇ ਇਸ ਤਰ੍ਹਾਂ ਦਾ ਦਾਅਵਾ ਨਹੀਂ ਕੀਤਾ| ਪਰ ਹਾਲੇ ਵੀ ਕੁਝ ਲੋਕ ਇਸ ਗੱਲ ਨੂੰ ਨਹੀਂ ਮੰਨਦੇ| ਉਹ ਲੋਕ ਆਪਣੇ ਦਾਅਵੇ ਦੇ ਹੱਕ ਵਿੱਚ ਕਈ ਦਲੀਲਾਂ ਵੀ ਦਿੰਦੇ ਹਨ| ਆਓ, ਉਨ੍ਹਾਂ ਵਿੱਚੋਂ ਕੁਝ ਨੂੰ ਜਾਣੀਏ|
1. ਨੀਲ ਆਰਮਸਟ੍ਰਾਂਗ ਦੇ ਪਿੱਛੇ ਦਿਸ ਰਹੇ ਅਸਮਾਨ ਵਿੱਚ ਇੱਕ ਵੀ ਤਾਰਾ ਕਿਉਂ ਨਹੀਂ ਦਿਸ ਰਿਹਾ?
ਅਸਲ ਵਿੱਚ ਤਾਰਿਆਂ ਦੀ ਰੋਸ਼ਨੀ ਬਹੁਤ ਮੱਧਮ ਹੈ| ਸਾਡੀਆਂ ਅੱਖਾਂ ਨੂੰ ਇਹ ਰੌਸ਼ਨੀ ਦਿਸਦੀ ਹੈ, ਪਰ ਸਾਡੀ ਅੱਖ ਕੈਮਰਿਆਂ ਤੋਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ| ਜੇਕਰ ਤੁਸੀਂ ਤਾਰਿਆਂ ਦੀ ਫੋਟੋ ਖਿੱਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਮਰੇ ਦਾ ਸ਼ਟਰ 5-10 ਜਾਂ 30 ਸੈਕਿੰਡ ਤੱਕ ਖੁੱਲ੍ਹਾ ਰੱਖਣਾ ਪਏਗਾ| ਪਰ ਫਿਰ ਸਾਹਮਣੇ ਵਾਲੀਆਂ ਸਭ ਚੀਜ਼ਾਂ ਬਿਲਕੁਲ ਚਿੱਟੀਆਂ ਹੋ ਜਾਣਗੀਆਂ| ਇਸ ਕਰਕੇ ਕੈਮਰੇ ਨਾਲ ਬਿਨਾਂ ਐਡੀਟਿੰਗ ਦੇ, ਤਾਰੇ + ਇਨਸਾਨ ਦੀ ਫੋਟੋ ਲੈਣਾ ਸੰਭਵ ਨਹੀਂ ਹੈ| ਇਸੇ ਲਈ ਤੁਹਾਨੂੰ ਅਪੋਲੋ ਦੀਆਂ ਤਸਵੀਰਾਂ ਵਿੱਚ ਤਾਰੇ ਨਹੀਂ ਦਿਸਦੇ|
2. ਤਸਵੀਰ ਵਿੱਚ ਨੀਲ ਆਰਮਸਟ੍ਰਾਂਗ ਦਾ ਪਰਛਾਵਾਂ ਹੈ ਤਾਂ ਯੂਐੱਸਏ ਦੇ ਝੰਡੇ ਦਾ ਪਰਛਾਵਾਂ ਕਿਉਂ ਨਹੀਂ ਹੈ?
ਇਹ ਸਿਰਫ਼ ਇੱਕ ਤਸਵੀਰ ਵਿੱਚ ਹੁੰਦਾ ਹੈ। ਉਹ ਵੀ ਇਸ ਕਰਕੇ ਕਿ ਝੰਡੇ ਦਾ ਪਰਛਾਵਾਂ ਨੀਲ ਦੇ ਪਿੱਛੇ ਰਹਿ ਜਾਂਦਾ ਹੈ ਅਤੇ ਨਹੀਂ ਦਿਖਦਾ| ਹੋਰ ਤਸਵੀਰਾਂ ਵਿੱਚ ਤੁਸੀਂ ਝੰਡੇ ਦਾ ਪਰਛਾਵਾਂ ਸਾਫ਼ ਦੇਖ ਸਕਦੇ ਹੋ|
3. ਚੰਨ ‘ਤੇ ਹਵਾ ਨਹੀਂ ਹੈ, ਪਰ ਫਿਰ ਵੀ ਅਮਰੀਕੀ ਝੰਡਾ ਝੂਲਦਾ ਹੋਇਆ ਕਿਉਂ ਦਿਖਦਾ ਹੈ?
ਅਸਲ ਵਿੱਚ ਇਹ ਝੰਡਾ ਆਮ ਝੰਡਾ ਨਹੀਂ ਹੈ| ਨਾਸਾ ਨੂੰ ਪਤਾ ਸੀ ਕਿ ਵਾਯੂਮੰਡਲ ਦੀ ਅਣਹੋਂਦ ਕਰਕੇ ਝੰਡਾ ਸਿਰ ਸੁੱਟ ਜਾਵੇਗਾ, ਭਾਵ ਝੂਲੇਗਾ ਨਹੀਂ| ਸੋ ਉਨ੍ਹਾਂ ਨੇ ਝੰਡੇ ਦੇ ਉੱਪਰ ਇੱਕ ਰਾਡ ਲਗਾਈ ਤਾਂਕਿ ਝੰਡਾ ਸਿੱਧਾ ਖੜ੍ਹਾ ਰਹੇ| ਝੰਡੇ ਦੇ ਵਿੱਚ ਜੋ ਵਲ਼ ਦਿਖ ਰਹੇ ਹਨ, ਜਿਨ੍ਹਾਂ ਕਰਕੇ ਝੰਡਾ ਝੂਲਦਾ ਪ੍ਰਤੀਤ ਹੁੰਦਾ ਹੈ, ਉਹ ਝੰਡੇ ਨੂੰ ਚੰਦਰਮਾ ‘ਤੇ ਲਗਾਉਂਦੇ ਸਮੇਂ ਹੋਈ ਹਿਲਜੁਲ ਕਰਕੇ ਹਨ| ਇੱਕ ਵਾਰ ਲੱਗਣ ਤੋਂ ਬਾਅਦ ਵਲ਼ ਜਿਵੇਂ ਦੇ ਤਿਵੇਂ ਰਹੇ, ਪਰ ਫੋਟੋ ਵਿੱਚ ਇਹ ਸਭ ਪਤਾ ਨਹੀਂ ਲੱਗ ਸਕਦਾ ਅਤੇ ਗਲਤਫਹਿਮੀ ਪੈਦਾ ਹੁੰਦੀ ਹੈ| ਇਹ ਗਲਤਫਹਿਮੀ ਵੀਡਿਓ ਦੇਖ ਕੇ ਦੂਰ ਹੋ ਜਾਂਦੀ ਹੈ| ਚੰਨ ‘ਤੇ ਝੰਡਾ ਲਾਉਂਦਿਆਂ ਦੀ ਵੀਡਿਓ ਤੁਸੀਂ ਨਾਲ ਦਿੱਤੇ QR ਕੋਡ ਨੂੰ ਸਕੈਨ ਕਰਕੇ ਦੇਖ ਸਕਦੇ ਓ|
4. ਲੂਨਰ ਲੈਂਡਰ ਜਿੱਥੇ ਉਤਰਿਆ, ਉੱਥੇ ਕੋਈ ਖੱਡੇ ਦਾ ਨਿਸ਼ਾਨ ਨਹੀਂ ਪਿਆ, ਪਰ ਆਰਮਸਟ੍ਰਾਂਗ ਦੇ ਬੂਟ ਦੇ ਨਿਸ਼ਾਨ ਹਨ, ਕਿਉਂ?
ਚੰਨ ਦੀ ਸਤ੍ਵਾ ਪਥਰੀਲੀ ਹੈ| ਉੱਥੇ ਧਰਤੀ ਵਾਂਗ ਮਿੱਟੀ ਨਹੀਂ ਹੈ| ਉਸ ਦੇ ਉੱਤੇ ਧੂੜ ਦੀ ਇੱਕ ਪਰਤ ਹੈ, ਪਰ ਉਸ ਪਰਤ ਦੇ ਥੱਲੇ ਸਖ਼ਤ ਪਥਰੀਲੀ ਜ਼ਮੀਨ ਹੈ| ਜਦੋਂ ਲੈਂਡਰ ਉਤਰਿਆ, ਉਸ ਦੀਆਂ ਗੈਸਾਂ ਨਾਲ ਮਿੱਟੀ ਤਾਂ ਉੱਡ ਗਈ, ਪਰ ਹੇਠਲੀ ਚਟਾਨ ਸਖ਼ਤ ਹੋਣ ਕਰਕੇ ਓਦਾਂ ਹੀ ਰਹੀ| ਇਸ ਕਰਕੇ ਕੋਈ ਖੱਡਾ ਨਹੀਂ ਬਣਿਆ| ਆਰਮਸਟ੍ਰਾਂਗ ਦੇ ਜ਼ਮੀਨ ਉੱਤੇ ਚੱਲਣ ਨਾਲ ਸਿਰਫ਼ ਉੱਪਰਲੀ ਪਰਤ ਹਿੱਲੀ ਅਤੇ ਬੂਟਾਂ ਦੇ ਨਿਸ਼ਾਨ ਬਣੇ| ਚਾਹੇ ਚੰਨ ‘ਤੇ ਨਮੀ ਨਹੀਂ ਹੈ, ਪਰ ਧੂੜ ਦੇ ਕਣਾਂ ਦੀ ਆਪਸੀ ਰਗੜ ਉਨ੍ਹਾਂ ਨੂੰ ਆਪਣੇ ਸਥਾਨ ‘ਤੇ ਬਣਾਈ ਰੱਖਣ ਲਈ ਕਾਫ਼ੀ ਹੈ| ਇਸ ਕਰਕੇ ਬੂਟਾਂ ਦੇ ਨਿਸ਼ਾਨ ਹਨ ਅਤੇ ਲੈਂਡਰ ਦਾ ਟੋਆ ਨਹੀਂ|
5. ਵੈਨ ਐਲਨ ਬੈਲਟ ਦੀ ਖਤਰਨਾਕ ਰੇਡੀਏਸ਼ਨ ਨੂੰ ਚੰਨ ਯਾਤਰੀਆਂ ਨੇ ਕਿਵੇਂ ਝੱਲਿਆ?
ਇਹ ਦਾਅਵਾ ਥੋੜ੍ਹਾ ਤਕਨੀਕੀ ਹੈ| ਵੈਨ ਐਲਨ ਬੈਲਟ ਇੱਕ ਉੱਚ ਊਰਜਾ ਕਣਾਂ ਦਾ ਬੱਦਲ ਹੈ ਜੋ ਧਰਤੀ ਦੇ ਦੁਆਲੇ ਲਗਪਗ 40,000 ਕਿਲੋਮੀਟਰ ਤੱਕ ਹੈ| ਇਸਦੀ ਸ਼ਕਲ ਵੜੇ ਜਾਂ ਡੋਨਟ ਵਰਗੀ ਹੈ| ਜੇਕਰ ਤੁਸੀਂ ਇਸ ਬੈਲਟ ਵਿੱਚ ਜ਼ਿਆਦਾ ਟਾਈਮ ਰਹੋ ਤਾਂ ਇਹ ਤੁਹਾਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੇ ਹਨ| ਰੇਡੀਏਸ਼ਨ ਦੀ ਤੀਬਰਤਾ ਰੈਡਜ਼ (rads) ਵਿੱਚ ਮਾਪੀ ਜਾਂਦੀ ਹੈ| ਵਿਗਿਆਨੀਆਂ ਅਨੁਸਾਰ ਜੇਕਰ 1 ਘੰਟੇ ਵਿੱਚ ਤੁਸੀਂ 300 ਰੈਡਜ਼ ਰੇਡੀਏਸ਼ਨ ਸੋਖਦੇ ਹੋ ਤਾਂ ਇਹ ਤੁਹਾਡੇ ਲਈ ਘਾਤਕ ਹੋ ਸਕਦੀ ਹੈ| ਪਰ ਜੇ ਅਸੀਂ ਰਾਕੇਟ ਦੀ ਗਤੀ ਅਤੇ ਵੈਨ ਐਲਨ ਬੈਲਟ ਦੀ ਚੌੜਾਈ ਨਾਲ ਹਿਸਾਬ ਲਗਾਈਏ ਤਾਂ ਰੇਡੀਏਸ਼ਨ ਦੀ ਕੁੱਲ ਮਾਤਰਾ ਕਰੀਬ 11 ਰੈਡਜ਼ ਬਣਦੀ ਹੈ ਜੋ 300 ਰੈਡਜ਼ ਦੀ ਘਾਤਕ ਡੋਜ਼ ਤੋਂ ਕਿਤੇ ਥੱਲੇ ਹੈ| ਸੋ ਪੁਲਾੜ ਯਾਤਰੀਆਂ ਨੂੰ ਇਸ ਬੈਲਟ ਤੋਂ ਕੋਈ ਖਤਰਾ ਨਹੀਂ ਸੀ|
6. ਲੂਨਰ ਲੈਂਡਰ ਦੇ ਇੰਜਣ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ। ਇੰਨੀ ਖੜਕੇ ਵਾਲੀ ਆਵਾਜ਼ ਵਿੱਚ ਪੁਲਾੜ ਯਾਤਰੀਆਂ ਦੀ ਆਵਾਜ਼ ਸਾਫ਼-ਸਾਫ਼ ਕਿਵੇਂ ਸੁਣ ਸਕਦੀ ਹੈ?
ਵੈਸੇ ਤਾਂ ਆਵਾਜ਼ ਏਨੀ ਸਾਫ਼ ਨਹੀਂ ਸੀ, ਪਰ ਫੇਰ ਵੀ, ਆਪਾਂ ਸਭ ਨੂੰ ਪਤਾ ਹੈ ਕਿ ਆਵਾਜ਼ ਇੱਕ ਲੰਬਕਾਰੀ (longitudinal) ਤਰੰਗ ਹੈ| ਇਸ ਨੂੰ ਚੱਲਣ ਲਈ ਕਿਸੇ ਮਾਧਿਅਮ ਦੀ ਲੋੜ ਹੁੰਦੀ ਹੈ| ਹੁਣ ਜਦੋਂ ਚੰਨ ‘ਤੇ ਵਾਯੂਮੰਡਲ ਹੀ ਨਹੀਂ ਹੈ ਤਾਂ ਆਵਾਜ਼ ਕਿਵੇਂ ਆਏਗੀ? ਆਰਮਸਟ੍ਰਾਂਗ ਤੇ ਐਲਡ੍ਰਿਨ ਆਹਮੋ ਸਾਹਮਣੇ ਖੜ੍ਹੇ ਹੋਏ ਵੀ ਰੇਡੀਓ ਰਾਹੀਂ ਗੱਲ ਕਰਦੇ ਸੀ| ਇਸ ਲਈ ਇਸ ਦਾਅਵੇ ਵਿੱਚ ਵੀ ਕੋਈ ਦਮ ਨਹੀਂ ਹੈ|
7. 1972 ਤੋਂ ਲੈ ਕੇ ਹੁਣ ਤੱਕ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ ਹੈ। ਇਸ ਦੇ ਬਾਵਜੂਦ 1972 ਤੋਂ ਬਾਅਦ ਹੁਣ ਤੱਕ ਕੋਈ ਚੰਨ ਯਾਤਰਾ ਕਿਉਂ ਨਹੀਂ ਹੋਈ?
ਇਸ ਦਾ ਕਾਰਨ ਬਹੁਤ ਸਿੱਧਾ ਤੇ ਸਪਸ਼ੱਟ ਹੈ, ਪੈਸਾ| 1972 ਤੋਂ ਬਾਅਦ ਅਮਰੀਕਾ ਨੇ ਸੈਟਰਨ ਰਾਕੇਟ, ਜੋ ਅਪੋਲੋ ਵਰਗੀ ਭਾਰੀ ਚੀਜ਼ ਨੂੰ ਚੰਨ ਤੱਕ ਲਿਜਾਣ ਦੇ ਸਮਰੱਥ ਸੀ, ਨੂੰ ਸੇਵਾ ਮੁਕਤ ਕਰ ਦਿੱਤਾ। ਇਸ ਦਾ ਮੁੱਖ ਕਾਰਨ ਰਾਕੇਟ ਦਾ ਬਹੁਤ ਮਹਿੰਗਾ ਪੈਣਾ ਅਤੇ ਰੂਸ ਨਾਲ ਪੁਲਾੜ ਦੌੜ ਦਾ ਅੰਤ ਸੀ। ਉਸ ਤੋਂ ਬਾਅਦ ਕੋਈ ਐਨਾ ਤਕੜਾ ਰਾਕੇਟ ਨਹੀਂ ਬਣਿਆ ਜੋ ਚੰਨ ਤੱਕ ਲਿਜਾ ਸਕੇ। ਹੁਣ ਨਾਸਾ SLS ਰਾਕੇਟ ਨਾਲ ਚੰਨ ‘ਤੇ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ। ਸੈਂਟਰਨ ਇੱਕ ਬਹੁਤ ਵੱਡ ਆਕਾਰੀ ਰਾਕੇਟ ਸੀ, ਅੱਜ ਤੱਕ ਦਾ ਸਭ ਤੋਂ ਵੱਡਾ। ਪਰ ਇਹ ਕਿਫਾਇਤੀ ਨਹੀਂ ਸੀ। ਜਦੋਂ ਤੱਕ ਪੁਲਾੜ ਦੌੜ ਚੱਲ ਰਹੀ ਸੀ, ਅਮਰੀਕਾ ਖ਼ਰਚਾ ਝੱਲੀ ਗਿਆ। ਪਰ ਉਸ ਤੋਂ ਬਾਅਦ ਇਸ ਨੂੰ ਬਹੁਤ ਮਹਿੰਗਾ ਹੋਣ ਕਰਕੇ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੋਈ ਏਨਾ ਕਿਫਾਇਤੀ ਰਾਕੇਟ ਨਹੀਂ ਬਣਿਆ| SLS ਹੁਣ ਇਹ ਖਲਾਅ ਭਰਨ ਲਈ ਤਿਆਰ ਹੈ| ਪਹਿਲੀ ਸਫਲ ਉਡਾਣ ਨਾਲ ਨਾਸਾ ਦੇ ਵੀ ਹੌਸਲੇ ਬੁਲੰਦ ਹਨ ਅਤੇ 2024 ਤੱਕ ਇਨਸਾਨ ਦੇ ਕਦਮ ਚੰਨ ‘ਤੇ ਦੁਬਾਰਾ ਪੈਣ ਦੇ ਆਸਾਰ ਹਨ|
ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095