ਨਵੀਂ ਦਿੱਲੀ, 3 ਦਸੰਬਰ
ਭਾਰਤ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਿਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖ਼ਿਲਾਫ਼ ਉਮਰ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ ਬੰਗਲੌਰ ਵਿੱਚ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ ਉਸ ਦੇ ਭਰਾ ਚਿਰਾਗ ਸੇਨ ਨੇ 2010 ਤੋਂ ਉਮਰ-ਸਮੂਹ ਟੂਰਨਾਮੈਂਟ ਖੇਡਣ ਲਈ ਆਪਣੀ ਉਮਰ ਵਿੱਚ ਹੇਰਾਫੇਰੀ ਕੀਤੀ ਸੀ। ਐੱਫਆਈਆਰ ਵਿੱਚ ਲਕਸ਼ੈ ਦੇ ਪਿਤਾ ਧੀਰੇਂਦਰ (ਭਾਰਤੀ ਸਪੋਰਟਸ ਅਥਾਰਟੀ ਵਿੱਚ ਕੋਚ), ਮਾਂ ਨਿਰਮਲਾ ਅਤੇ ਵਿਮਲ ਦਾ ਨਾਮ ਵੀ ਹੈ। ਵਿਮਲ 10 ਸਾਲ ਤੋਂ ਵੱਧ ਸਮੇਂ ਤੋਂ ਲਕਸ਼ੈ ਅਤੇ ਚਿਰਾਗ ਨੂੰ ਕੋਚਿੰਗ ਦੇ ਰਿਹਾ ਹੈ। ਸੇਨ ਭਰਾ, ਜੋ ਉੱਤਰਾਖੰਡ ਦੇ ਰਹਿਣ ਵਾਲੇ ਹਨ, ਵਿਮਲ ਨਾਲ ਬੰਗਲੌਰ ਵਿੱਚ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਵਿੱਚ ਸਿਖਲਾਈ ਲੈਂਦੇ ਹਨ, ਜਦੋਂ ਕਿ ਸ਼ਿਕਾਇਤਕਰਤਾ ਉਸੇ ਮਹਾਨਗਰ ਵਿੱਚ ਇੱਕ ਹੋਰ ਅਕੈਡਮੀ ਚਲਾਉਂਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਮਲ ਨੇ 2010 ਵਿੱਚ ਜਨਮ ਸਰਟੀਫਿਕੇਟ ਜਾਅਲੀ ਬਣਾਉਣ ਲਈ ਲਕਸ਼ੈ ਦੇ ਮਾਪਿਆਂ ਨਾਲ ਕਥਿਤ ਗੰਢਤੁੱਪ ਕੀਤੀ। ਜੇਕਰ ਉਸ ‘ਤੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਹਾਲ ਹੀ ‘ਚ ਅਰਜੁਨ ਐਵਾਰਡ ਨਾਲ ਸਨਮਾਨਿਤ ਇਸ ਖਿਡਾਰੀ ਨੂੰ ਆਪਣੇ ਕਈ ਰਿਕਾਰਡ ਤਿਆਗਣੇ ਪੈ ਸਕਦੇ ਹਨ। ਇਸ ਦੌਰਾਨ ਕੋਚ ਵਿਮਲ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।