ਨਵੀਂ ਦਿੱਲੀ: ਪੈਰਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜੇਤੂ ਸੁਕਾਂਤ ਕਦਮ ਦੀ ਅਗਵਾਈ ਹੇਠ ਭਾਰਤੀ ਖਿਡਾਰੀਆਂ ਨੇ ਲੀਮਾ ਵਿੱਚ ਪੇਰੂ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿੱਚ ਛੇ ਸੋਨ ਤਗਮੇ ਜਿੱਤੇ। ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਕਦਮ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਵਰਗ ਦੇ ਫਾਈਨਲ ਵਿੱਚ ਸਿੰਗਾਪੁਰ ਦੇ ਚੀ ਹਿਓਂਗ ਆਂਗ ਨੂੰ 21-14, 21-15 ਨਾਲ ਹਰਾਇਆ, ਜਦੋਂਕਿ ਨੇਹਲ ਗੁਪਤਾ ਨੇ ਐੱਸਐੱਲ3 ਵਰਗ ਵਿੱਚ ਫਰਾਂਸ ਦੇ ਮੈਥਿਊ ਥੌਮਸ ਨੂੰ 21-16, 21-14 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ ਨਿਤਿਆ ਸ੍ਰੀ ਸੁਮਤੀ ਸਿਵਨ ਅਤੇ ਮਨਦੀਪ ਕੌਰ ਨੇ ਕ੍ਰਮਵਾਰ ਐੱਸਐੱਚ6 ਅਤੇ ਐੱਸਐੱਲ3 ਸਿੰਗਲਜ਼ ਵਿੱਚ ਤਗਮੇ ਜਿੱਤੇ। ਨਿਤਿਆ ਨੇ ਪੇਰੂ ਦੀ ਗੁਲੀਆਨਾ ਪੋਵੇਦਾ ਫਲੋਰਸ ਨੂੰ 21-6, 21-13 ਨਾਲ ਜਦਕਿ ਮਨਦੀਪ ਨੇ ਯੂਕਰੇਨ ਦੀ ਓਕਸਾਨਾ ਕੋਜ਼ੀਨਾ ਨੂੰ 21-11, 21-11 ਨਾਲ ਹਰਾਇਆ। ਇਸੇ ਤਰ੍ਹਾਂ ਨੇਹਲ ਅਤੇ ਬ੍ਰੇਨੋ ਜੋਹਾਨ (ਐੱਸਐੱਲ3-ਐੱਸਐੱਲ4) ਦੀ ਪੁਰਸ਼ ਡਬਲਜ਼ ਜੋੜੀ ਅਤੇ ਪਾਰੁਲ ਪਰਮਾਰ ਅਤੇ ਵੈਸ਼ਾਲੀ ਨਿਲੇਸ਼ ਪਟੇਲ (ਐੱਸਐੱਲ3-ਐੱਸਯੂ5) ਦੀ ਮਹਿਲਾ ਡਬਲਜ਼ ਜੋੜੀ ਨੇ ਵੀ ਆਪੋ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ। -ਪੀਟੀਆਈ