12.4 C
Alba Iulia
Friday, May 3, 2024

ਧੂਣੀ ਸੱਥ ਦੇ ਵਿਚਾਲੇ ਪਾਈ…

Must Read


ਲੋਹੜੀ ਸਰਦੀ ਦੇ ਅਖੀਰ ਅਤੇ ਮਾਘੀ ਤੋਂ ਪਹਿਲੀ ਸ਼ਾਮ ਮਨਾਇਆ ਜਾਣ ਵਾਲਾ ਉੱਤਰੀ ਭਾਰਤ, ਖਾਸ ਕਰਕੇ ਪੰਜਾਬੀਆਂ ਦਾ ਮਹੱਤਵਪੂਰਨ ਤਿਉਹਾਰ ਹੈ। ਇਸ ਤਿਉਹਾਰ ਨੂੰ ਮਨਾਏ ਜਾਣ ਪਿੱਛੇ ਸਿੱਧੇ ਰੂਪ ਵਿੱਚ ਕੋਈ ਧਾਰਮਿਕ ਮਾਨਤਾ ਹੋਣ ਦੀ ਬਜਾਏ, ਇਹ ਤਿਉਹਾਰ ਸਰਦੀ ਦੇ ਜਾਣ ਦੇ ਜਸ਼ਨਾਂ ਅਤੇ ਹਾੜ੍ਹੀ ਦੀ ਚੰਗੀ ਫ਼ਸਲ ਲਈ ਕਾਮਨਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਉੱਤਰੀ ਭਾਰਤ ਵਿੱਚ ਇਸ ਤੋਂ ਪਹਿਲਾਂ ਪੈਂਦੀ ਸਰਦੀ ਅਤੇ ਛੋਟੇ ਹੋਏ ਦਿਨਾਂ ਦੇ ਕਾਰਨ ਕਦੇ ਕੀਤੀ ਜਾਂਦੀ ਸੂਰਜ ਦੀ ਪੂਜਾ ਦਾ ਅੱਗੇ ਵਿਕਸਤ ਰੂਪ ਹੈ। ਇਸ ਵਿੱਚ ਸਮੇਂ ਨਾਲ ਬਦਲਾਅ ਹੁੰਦਾ ਗਿਆ ਅਤੇ ਕਾਫ਼ੀ ਕੁਝ ਨਵਾਂ ਜੁੜਦਾ ਗਿਆ।

ਇਸ ਤਿਉਹਾਰ ਦਾ ਨਾਂ ‘ਲੋਹੜੀ’ ਪੈਣ ਪਿੱਛੇ ਵੀ ਕਈ ਵਿਚਾਰ ਹਨ। ਇੱਕ ਵਿਚਾਰ ਅਨੁਸਾਰ ਇਹ ਨਾਂ ਭਗਤ ਕਬੀਰ ਦੀ ਸੁਪਤਨੀ ਲੋਈ ਤੋਂ ਬਣਿਆ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਨਾਂ ਲੋਹੇ ਦੇ ਬਰਤਨ ਤੋਂ ਬਣਿਆ ਵੀ ਮੰਨਿਆ ਜਾਂਦਾ ਹੈ ਜਿਸ ਵਿੱਚ ਇਸ ਤਿਉਹਾਰ ਲਈ ਖਾਧ ਪਦਾਰਥ ਤਿਆਰ ਕੀਤੇ ਜਾਂਦੇ ਸਨ। ਇਸ ਦੇ ਨਾਲ ਕੁਝ ਦਾ ਵਿਚਾਰ ‘ਲੋਹ’ ਤੋਂ ਵਿਕਸਤ ਹੋਣ ਸਬੰਧੀ ਵੀ ਹੈ ਜਿਸ ਦਾ ਅਰਥ ‘ਪ੍ਰਕਾਸ਼’ ਅਤੇ ‘ਗਰਮੀ’ ਹੈ। ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਸ਼ਬਦ ‘ਤਿਲ’ ਅਤੇ ‘ਰੋੜੀ’ ਦੇ ਸੁਮੇਲ ਤੋਂ ਬਣਿਆ ਹੈ ਜੋ ਕਿ ਕਾਫ਼ੀ ਹੱਦ ਤੱਕ ਸਹੀ ਵੀ ਲੱਗਦਾ ਹੈ ਕਿਉਂਕਿ ਤਿਲਾਂ ਦਾ ਲੋਹੜੀ ਨਾਲ ਸਿੱਧਾ ਸਬੰਧ ਵੀ ਹੈ। ਗੁੜ ਤਿਲਾਂ ਤੋਂ ਬਣੇ ਪਦਾਰਥਾਂ ਦਾ ਲੋਹੜੀ ਸਮੇਂ ਕਾਫ਼ੀ ਬੋਲਬਾਲਾ ਹੁੰਦਾ ਹੈ।

ਪੰਜਾਬ ਵਿੱਚ ਲੋਹੜੀ ਨਾਲ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਕਥਾ ਵੀ ਜੁੜਦੀ ਹੈ। ਦੁੱਲਾ ਭੱਟੀ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਭੱਟੀ ਖਾਨਦਾਨ ਵਿੱਚੋਂ ਇੱਕ ਵਿਦਰੋਹੀ ਪ੍ਰਵਿਰਤੀ ਵਾਲਾ ਵਿਅਕਤੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਉਹ ਮੁਗ਼ਲਾਂ ਤੋਂ ਬਚਾਅ ਲਈ ਜੰਗਲਾਂ ਵਿੱਚ ਛੁਪਿਆ ਹੋਇਆ ਸੀ, ਤਦ ਉਸ ਕੋਲ ਕਿਸੇ ਪਿੰਡ ਦੇ ਗਰੀਬ ਬ੍ਰਾਹਮਣ ਦੀਆਂ ‘ਸੁੰਦਰੀ’ ਅਤੇ ‘ਮੁੰਦਰੀ’ ਨਾਂ ਦੀਆਂ ਦੋ ਧੀਆਂ ਦੇ ਵਿਆਹ ਦਾ ਮਾਮਲਾ ਆਇਆ। ਉਨ੍ਹਾਂ ਲੜਕੀਆਂ ਦੀ ਮੰਗਣੀ ਹੋਈ ਸੀ, ਪਰ ਉਨ੍ਹਾਂ ਨੂੰ ਮੁਗ਼ਲ ਵਿਆਹੁਣਾ ਚਾਹੁੰਦੇ ਸਨ। ਦੁੱਲੇ ਭੱਟੀ ਕੋਲ ਇਹ ਮਾਮਲਾ ਆਉਣ ‘ਤੇ ਉਸ ਨੇ ਜਲਦੀ ਨਾਲ ਕੁੜੀਆਂ ਅਤੇ ਉਨ੍ਹਾਂ ਦੇ ਮੰਗੇਤਰਾਂ ਨੂੰ ਲੋਹੜੀ ਵਾਲੇ ਦਿਨ ਜੰਗਲ ਵਿੱਚ ਬੁਲਾਇਆ ਅਤੇ ਧੂਣੀ ਦੁਆਲੇ ਫੇਰੇ ਕਰਵਾ ਕੇ ਵਿਆਹ ਕਰਵਾ ਦਿੱਤਾ। ਉਸ ਸਮੇਂ ਹੋਰ ਵਸਤੂਆਂ ਦੀ ਘਾਟ ਹੋਣ ਕਾਰਨ ਕੁੜੀਆਂ ਦੀ ਝੋਲੀ ਵਿੱਚ ਉਨ੍ਹਾਂ ਕੋਲ ਮੌਜੂਦ ਸ਼ੱਕਰ ਆਦਿ ਪਾ ਕੇ ਸ਼ਗਨ ਦਿੱਤਾ। ਉੱਤਰ ਭਾਰਤ ਦੀਆਂ ਵਕਤੀ ਜ਼ਰੂਰਤਾਂ ਵਿੱਚੋਂ ਉਪਜੇ ਲੋਹੜੀ ਦੇ ਪਹਿਲਾਂ ਤੋਂ ਪ੍ਰਚੱਲਿਤ ਤਿਉਹਾਰ ਨਾਲ ਇਹ ਘਟਨਾ ਵੀ ਜੁੜ ਗਈ। ਅਜਿਹਾ ਹੋਣ ਕਾਰਨ ਲੋਹੜੀ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਦੁੱਲੇ ਭੁੱਟੀ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਸੁੰਦਰ ਮੁੰਦਰੀਏ ਹੋ

ਤੇਰਾ ਕੌਣ ਵਿਚਾਰਾ ਹੋ

ਦੁੱਲਾ ਭੱਟੀ ਵਾਲਾ ਹੋ

ਦੁੱਲੇ ਧੀ ਵਿਆਹੀ ਹੋ

ਸੇਰ ਸ਼ੱਕਰ ਪਾਈ ਹੋ

ਜੀਵੇ ਕੁੜੀ…

ਲੋਹੜੀ ਤੋਂ ਕਈ ਦਿਨ ਪਹਿਲਾਂ ਹੀ ਲੋਹੜੀ ਵਾਲਾ ਮਾਹੌਲ ਬਣਨ ਲੱਗਦਾ ਹੈ। ਲੋਹੜੀ ਮੰਗਣ ਵਾਲੀਆਂ ਮਾਈਆਂ ਲੋਹੜੀ ਮੰਗਣ ਲਈ ਘਰ ਘਰ ਆਉਣ ਲੱਗਦੀਆਂ ਹਨ ਅਤੇ ਲੋਹੜੀ ਨਾਲ ਸਬੰਧਤ ਗੀਤ ਗਾਉਣ ਲੱਗਦੀਆਂ :

ਤੇਰੇ ਕੋਠੇ ‘ਤੇ ਮੋਰ, ਸਾਨੂੰ ਛੇਤੀ ਛੇਤੀ ਤੋਰ।

ਤੇਰੇ ਕੋਠੇ ‘ਤੇ ਮੋਰ, ਤੈਨੂੰ ਰੱਬ ਪੋਤੇ ਦੇਵੇ ਹੋਰ।

ਪਿੰਡ ਦੇ ਮੁੰਡੇ ਕੁੜੀਆਂ ਵੱਲੋਂ ਘਰ ਘਰ ਜਾ ਕੇ ਲੋਹੜੀ ਦੀ ਧੂਣੀ ਲਈ ਲੱਕੜਾਂ, ਪਾਥੀਆਂ ਅਤੇ ਖਾਣ ਵਾਲੇ ਪਦਾਰਥ ਮੰਗੇ ਜਾਂਦੇ ਸਨ। ਲੋਹੜੀ ਵਾਲੇ ਦਿਨ ਬੱਚੇ ਇਕੱਠੇ ਹੋ ਕੇ ਲੋਹੜੀ ਸਬੰਧੀ ਗੁੜ, ਰਿਉੜੀਆਂ, ਮੂੰਗਫਲੀਆਂ, ਲੱਕੜੀਆਂ, ਪਾਥੀਆਂ ਆਦਿ ਮੰਗਦੇ ਅਤੇ ਗੀਤ ਗਾਉਂਦੇ ਇੱਕ ਤੋਂ ਦੂਸਰੇ ਘਰ ਜਾਂਦੇ :

ਦੇ ਮਾਈ ਪਾਥੀ

ਤੇਰਾ ਪੁੱਤ ਚੜ੍ਹੇ ਹਾਥੀ

ਦੇ ਮਾਈ ਲੋਹੜੀ

ਜੀਵੇ ਤੇਰੀ ਜੋੜੀ

ਦੇ ਮਾਈ ਲੋਹੜੀ

ਤੇਰਾ ਪੁੱਤ ਚੜ੍ਹੇ ਘੋੜੀ

ਦੇ ਮਾਈ…

ਲੋਹੜੀ ਨਾਲ ਗੁੜ ਦਾ ਵੀ ਖਾਸ ਸਬੰਧ ਅਤੇ ਮਹੱਤਵ ਹੈ। ਲੋਹੜੀ ਮੰਗਣ ਆਏ ਬੱਚਿਆਂ ਵੱਲੋਂ ਗੁੜ ਸਬੰਧੀ ਵੱਖ ਵੱਖ ਤਰੀਕਿਆਂ ਨਾਲ ਮੰਗ ਕੁਝ ਇਸ ਤਰ੍ਹਾਂ ਕੀਤੀ ਜਾਂਦੀ :

ਤਿਲ ਦੇ ਛੰਡੇ ਛੰਡਾਏ

ਗੁੜ ਦੇ ਮੁੰਡੇ ਦੀਏ ਮਾਏ

ਗੁੜ ਦੇਣ ਵਿੱਚ ਕਿਉਂ ਦੇਰੀ

ਗੁੜ ਦੇ ਪੂਰਾ ਪੰਸੇਰੀ।

ਇਸੇ ਤਰ੍ਹਾਂ ਜੇਕਰ ਕਿਸੇ ਘਰ ਵੱਲੋਂ ਬੱਚਿਆਂ ਦੀ ਉਮੀਦ ਦੇ ਅਨੁਸਾਰ ਪੂਰਾ ਸਾਮਾਨ ਨਹੀਂ ਨਹੀਂ ਦਿੱਤਾ ਜਾਂਦਾ ਸੀ ਤਾਂ ਬੱਚਿਆਂ ਵੱਲੋਂ ਗੀਤ ਗਾਉਂਦਿਆਂ ਕੁਝ ਇਸ ਤਰ੍ਹਾਂ ਆਖ ਸੁਣਾਇਆ ਜਾਂਦਾ:

  • ਕੋਠੇ ‘ਤੇ ਹੁੱਕਾ ਇਹ ਘਰ ਭੁੱਖਾ
  • ਕੋਠੇ ‘ਤੇ ਕੁੱਕੜ ਇਹ ਘਰ ਕੰਜੂਸਾਂ ਦਾ ਫੁੱਫੜ

ਦੋ ਕੁ ਦਹਾਕੇ ਪਹਿਲਾਂ ਤੱਕ ਲੋਹੜੀ ਸਮੇਂ ਉਪਯੋਗ ਹੋਣ ਵਾਲੇ ਖਾਧ ਪਦਾਰਥਾਂ ਨੂੰ ਤਿਆਰ ਕਰਨ ਲਈ ਲੋੜੀਂਦੇ ਦਾਣੇ ਭੁੰਨਣ ਲਈ ਝਿਊਰ ਬਰਾਦਰੀ ਵੱਲੋਂ ਪਿੰਡ ਪਿੰਡ ਭੱਠੀਆਂ ਤਪਾਈਆਂ ਹੁੰਦੀਆਂ ਸਨ ਜਿਨ੍ਹਾਂ ‘ਤੇ ਭਾਰੀ ਭੀੜ ਹੁੰਦੀ। ਲੋਕਾਂ ਨੂੰ ਆਪਣੀ ਵਾਰੀ ਲਈ ਲੰਬੀ ਉਡੀਕ ਕਰਨੀ ਪੈਂਦੀ। ਇਸ ਸਮੇਂ ਮੱਕੀ, ਬਾਜਰਾ, ਛੋਲੇ ਆਦਿ ਨੂੰ ਭੁੰਨਵਾਇਆ ਜਾਂਦਾ। ਇਨ੍ਹਾਂ ਨੂੰ ਗੁੜ ਰਲਾ ਕੇ ਪਿੰਨੀਆਂ ਆਦਿ ਬਣਾਉਣ ਲਈ ਉਪਯੋਗ ਕੀਤਾ ਜਾਂਦਾ। ਇਸ ਤਰ੍ਹਾਂ ਇਨ੍ਹਾਂ ਤੋਂ ਤਿਆਰ ਗਰਮ ਅਤੇ ਸਿਹਤ ਵਰਧਕ ਵਸਤੂਆਂ ਬੜੇ ਸ਼ੌਕ ਨਾਲ ਖਾਧੀਆਂ ਜਾਂਦੀਆਂ। ਧੀਆਂ ਅਤੇ ਦੂਸਰੇ ਕੁਝ ਰਿਸ਼ਤੇਦਾਰਾਂ ਨੂੰ ਉਪਹਾਰ ਦੇ ਰੂਪ ਵਿੱਚ ਲੋਹੜੀ ਸਮੇਂ ਬਣਾਏ ਜਾਂਦੇ ਪਦਾਰਥ ਭੇਂਟ ਕੀਤੇ ਜਾਂਦੇ।

ਤਿਲਾਂ ਦਾ ਲੋਹੜੀ ਨਾਲ ਖਾਸ ਸਬੰਧ ਹੈ। ਅਜਿਹਾ ਤਿਲਾਂ ਦੀ ਗਰਮ ਤਸੀਰ ਕਾਰਨ ਹੈ, ਜਿਹੜੀ ਸਰਦੀ ਤੋਂ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਤਿਲਾਂ ਤੋਂ ਲੋਹੜੀ ਲਈ ਵੱਖ ਵੱਖ ਪਦਾਰਥ ਤਿਆਰ ਕੀਤੇ ਜਾਂਦੇ ਹਨ। ਲੋਹੜੀ ਲਈ ਵਿਸ਼ੇਸ਼ ਰੂਪ ਵਿੱਚ ਗੁੜ ਅਤੇ ਤਿਲਾਂ ਨਾਲ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਹੀ ਲੋਹੜੀ ਲਈ ਬਾਜਰੇ ਦੀਆਂ ਖਿੱਲਾਂ ਤੇ ਗੁੜ ਤੋਂ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਭੂਤ ਪਿੰਨੀਆਂ ਦੇ ਨਾਂ ਜਾਣਿਆ ਜਾਂਦਾ।

ਲੋਹੜੀ ਸਮੇਂ ਪਾਈ ਧੂਣੀ ਦੁਆਲੇ ਇਕੱਠੇ ਹੋਏ ਲੋਕ ਧੂਣੀ ‘ਤੇ ਤਿਲ ਸੁੱਟਦੇ ਅਤੇ ਧੂਣੀ ਦੀ ਅੱਗ ਹੋਰ ਤੇਜ਼ ਹੋ ਜਾਂਦੀ। ਅਜਿਹਾ ਤਿਲਾਂ ਵਿਚਲੇ ਤੇਲ ਕਾਰਨ ਹੁੰਦਾ ਹੈ। ਇਸ ਦੇ ਨਾਲ ਨਾਲ ਲੋਹੜੀ ਦੀ ਧੂਣੀ ਨਾਲ ਲੋਕ ਵਿਸ਼ਵਾਸ ਵੀ ਜੁੜਿਆ ਹੋਇਆ ਹੈ ਕਿ ਇਹ ਚੁਸਤੀ, ਖੁਸ਼ਹਾਲੀ ਦਾ ਵਰਦਾਨ ਪ੍ਰਦਾਨ ਕਰਦੀ ਹੈ। ਅਜਿਹਾ ਹੋਣ ਕਾਰਨ ਧੂਣੀ ਦੁਆਲੇ ਇਕੱਠੇ ਹੋਏ ਲੋਕਾਂ ਵੱਲੋਂ ਧੂਣੀ ਵਿੱਚ ਤਿਲ ਸੁੱਟਦਿਆਂ ਸੁਸਤੀ, ਕੰਗਾਲੀ, ਗਰੀਬੀ ਦੀ ਥਾਂ ਖੁਸ਼ਹਾਲੀ, ਚੁਸਤੀ ਪ੍ਰਦਾਨ ਕਰਨ ਦੀ ਕਾਮਨਾ ਕੁਝ ਇਸ ਤਰ੍ਹਾਂ ਗੀਤ ਗਾਉਂਦਿਆਂ ਕੀਤੀ ਜਾਂਦੀ ਹੈ:

ਈਸ਼ਰ ਆਏ ਦਲਿੱਦਰ ਜਾਏ

ਦਲਿੱਦਰ ਦੀ ਜੜ ਚੁੱਲ੍ਹੇ ਪਾਏ।

ਜਿਨ੍ਹਾਂ ਘਰਾਂ ਵਿੱਚ ਉਸੇ ਸਾਲ ਲੜਕੇ ਦਾ ਜਨਮ ਹੋਇਆ ਹੁੰਦਾ, ਉਨ੍ਹਾਂ ਲਈ ਮੁੰਡੇ ਦੇ ਜਨਮ ਤੋਂ ਬਾਅਦ ਆਈ ਪਹਿਲੀ ਲੋਹੜੀ ਖਾਸ ਹੁੰਦੀ। ਲੋਹੜੀ ਤੋਂ ਕਈ ਦਿਨ ਪਹਿਲਾਂ ਮੁੰਡੇ ਦੇ ਜਨਮ ਵਾਲੇ ਘਰਾਂ ਵੱਲੋਂ ਮੂੰਗਫਲੀ, ਰਿਉੜੀਆਂ, ਮੱਕੀ ਦੇ ਫੁੱਲੇ ਆਦਿ ਦੇ ਸੁਮੇਲ ਨੂੰ ਪਿੰਡ ਦੇ ਘਰਾਂ ਵਿੱਚ ਵੰਡਿਆਂ ਜਾਣ ਲੱਗਦਾ। ਕੁਝ ਇਸੇ ਤਰ੍ਹਾਂ ਹੀ ਮੁੰਡੇ ਦੇ ਨਵੇਂ ਹੋਏ ਵਿਆਹ ਵਾਲੇ ਘਰ ਵੱਲੋਂ ਵੀ ਲੋਹੜੀ ਖਾਸ ਤਰੀਕੇ ਨਾਲ ਮਨਾਈ ਜਾਂਦੀ। ਲੋਹੜੀ ਵਾਲੀ ਰਾਤ ਸਾਂਝੀ ਥਾਂ ਪਾਈ ਧੂਣੀ ‘ਤੇ ਸਬੰਧਤ ਪਰਿਵਾਰ ਵੱਲੋਂ ਗੁੜ ਦੀ ਪਹੇਲੀ (ਪੰਜ ਸੇਰ ਗੁੜ), ਉੱਬਲੀਆਂ ਬਾਜਰੇ ਦੀਆਂ ਬੱਕਲੀਆਂ ਤੇ ਦੂਸਰਾ ਖਾਣ ਦਾ ਸਾਮਾਨ ਵੰਡਿਆ ਜਾਂਦਾ। ਇਸ ਸਮੇਂ ਨਵਜੰਮੇ ਮੁੰਡੇ ਦੇ ਪਰਿਵਾਰ ਦੀਆਂ ਔਰਤਾਂ ਵੱਲੋਂ ਧੂਣੀ ਦੇ ਆਸ ਪਾਸ ਗਿੱਧਾ ਵੀ ਪਾਇਆ ਜਾਂਦਾ। ਇਸ ਗਿੱਧੇ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਵਿੱਚ ਸਬੰਧਤ ਪਰਿਵਾਰ, ਬੱਚੇ ਦੀ ਮਾਂ, ਬੱਚੇ ਆਦਿ ਦੀ ਪ੍ਰਸੰਸਾ ਕੁਝ ਇਸ ਤਰ੍ਹਾਂ ਕੀਤੀ ਜਾਂਦੀ:

  • ਚੰਨ ਵਰਗੀ ਭਰਜਾਈ ਮੇਰੀ ਸੂਰਜ ਵਰਗਾ ਉਹਨੇ ਭਤੀਜਾ ਜਾਇਆ ਨੀਂ ਮੈਂ ਚਾਵਾਂ ਨਾਲ ਨੱਚਦੀ ਫਿਰਾਂ ਉਹਦੀ ਪਹਿਲੀ ਲੋਹੜੀ ਦਾ ਦਿਨ ਆਇਆ ਨੀਂ ਮੈਂ ਚਾਵਾਂ ਨਾਲ ਨੱਚਦੀ ਫਿਰਾਂ
  • ਧੂਣੀ ਸੱਥ ਦੇ ਵਿਚਾਲੇ ਪਾਈ ਪੋਤੇ ਦੀਆਂ ਦਾਦੀ ਵੰਡੇ ਰਿਉੜੀਆਂ।
  • ਮੇਰੇ ਪੈਰ ਨਾ ਧਰਤੀ ‘ਤੇ ਲੱਗਦੇ ਭਤੀਜੇ ਦੀ ਵੰਡਾਂ ਲੋਹੜੀ।
  • ਵੀਰ ਘਰ ਪੁੱਤ ਜੰਮਿਆ ਗੁੜ ਵੰਡਾ, ਵੰਡਾਂ ਰਿਉੜੀਆਂ ਨੀਂ ਭਾਗਾਂ ਵਾਲਿਆਂ ਨੂੰ ਆਉਂਦੀਆਂ ਲੋਹੜੀਆਂ ਨੀਂ।
  • ਧਾਈਆਂ ਧਾਈਆਂ ਧਾਈਆਂ ਅੱਜ ਦਿਨ ਲੋਹੜੀ ਦਾ ਰੱਬ ਨੇ ਰੌਣਕਾਂ ਲਾਈਆਂ।

ਬਦਲਦੀਆਂ ਲੋੜਾਂ, ਹਾਲਤਾਂ ਦੇ ਅਨੁਸਾਰ ਹੋਰਨਾਂ ਤਿਉਹਾਰਾਂ ਵਾਂਗ ਲੋਹੜੀ ਵੀ ਬਦਲ ਗਈ ਹੈ। ਬੇਸ਼ੱਕ ਲੋਹੜੀ ਹੁਣ ਵੀ ਮਨਾਈ ਜਾਂਦੀ ਹੈ, ਪਰ ਹੁਣ ਲੋਹੜੀ ਦਾ ਪਹਿਲਾਂ ਵਾਲਾ ਰੰਗ ਨਹੀਂ ਰਿਹਾ। ਪਹਿਲਾਂ ਲੋਹੜੀ ਲਈ ਘਰ ਤਿਆਰ ਕੀਤੇ ਜਾਂਦੇ ਉੱਚ ਗੁਣਵੱਤਾ ਵਾਲੇ ਖਾਧ ਪਦਾਰਥਾਂ ਦੀ ਥਾਂ ਹੁਣ ਤਰ੍ਹਾਂ ਤਰ੍ਹਾਂ ਦੇ ਬਣੇ ਬਣਾਏ ਖਾਧ ਪਦਾਰਥਾਂ ਨੇ ਲੈ ਲਈ ਹੈ। ਹੁਣ ਲੋਹੜੀ ਤੋਂ ਕਈ ਦਿਨ ਪਹਿਲਾਂ ਭੱਠੀਆਂ ਦੁਆਲੇ ਦਾਣੇ ਭੁੰਨਵਾਉਣ ਵਾਲਿਆਂ ਦੀ ਭੀੜ ਨਹੀਂ ਹੁੰਦੀ, ਨਾ ਹੀ ਘਰਾਂ ਵਿੱਚੋਂ ਪਿੰਨੀਆਂ

ਆਦਿ ਬਣਾਉਂਦੇ ਸਮੇਂ ਗੁੜ ਆਦਿ ਦੀ ਖੁਸ਼ਬੋ

ਆਉਂਦੀ ਹੈ। ਟੁੱਟਦੀਆਂ ਭਾਈਚਾਰਕ ਸਾਂਝਾਂ ਕਾਰਨ ਹੁਣ ਲੋਹੜੀ ਵਾਲੀ ਰਾਤ ਪਿੰਡਾਂ ਦੀਆਂ ਇੱਕ ਥਾਂ ਇਕੱਠੀਆਂ ਧੂਣੀਆਂ ਨਹੀਂ ਪਾਈਆਂ ਜਾਂਦੀਆਂ। ਨਾ ਹੀ ਪਹਿਲਾਂ ਵਾਂਗ ਲੋਹੜੀ ਦੀ ਧੂਣੀ ਲਈ ਲੱਕੜਾਂ, ਪਾਥੀਆਂ ਮੰਗਣ ਨੌਜਵਾਨ ਮੁੰਡੇ ਕੁੜੀਆਂ ਘਰ ਘਰ ਜਾਂਦੇ ਹਨ। ਸਗੋਂ ਆਪਣੇ ਆਪਣੇ ਘਰ ਧੂਣੀਆਂ ਪਾਈਆਂ ਜਾਣ ਲੱਗੀਆਂ ਹਨ। ਲੋਹੜੀ ਮੰਗਣ ਵੀ ਬਹੁਤ ਘੱਟ ਬੱਚੇ ਜਾਂਦੇ ਹਨ। ਮੁੰਡਿਆਂ ਵਾਲੇ ਘਰਾਂ ਵੱਲੋਂ ਬੇਸ਼ੱਕ ਹੁਣ ਵੀ ਲੋਹੜੀ ਮਨਾਈ ਜਾਂਦੀ ਹੈ ਅਤੇ ਘਰ ਘਰ ਰਿਉੜੀਆਂ, ਮੂੰਗਫਲੀਆਂ ਵੰਡੀਆਂ ਜਾਂਦੀਆਂ ਹਨ, ਪਰ ਹੁਣ ਮੁੰਡੇ ਦੇ ਜਨਮ ਵਾਲੇ ਘਰਾਂ ਵੱਲੋਂ ਸਾਂਝੇ ਥਾਂ ਪਾਈ ਧੂਣੀ ‘ਤੇ ਜਾ ਕੇ ਗੀਤ ਗਾਉਣ ਦੀ ਬਜਾਏ ਘਰਾਂ ਅਤੇ ਹੋਟਲਾਂ ਵਿੱਚ ਹੀ ਪਾਰਟੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਡੀ.ਜੇ. ਲਗਾਏ ਜਾਂਦੇ ਹਨ। ਇਸੇ ਲੜੀ ਵਿੱਚ ਕੁਝ ਲੋਕਾਂ ਵੱਲੋਂ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਣ ਲੱਗੀ ਹੈ ਅਤੇ ਘਰਾਂ ਵਿੱਚ ਲੋਹੜੀ ਸਬੰਧੀ ਇਕੱਠ ਕੀਤੇ ਜਾਂਦੇ ਹਨ। ਹੁਣ ਲੋਹੜੀ ਪ੍ਰਤੀਕਾਤਮਕ ਰੂਪ ਵਿੱਚ ਮਨਾਈ ਜਾਣ ਲੱਗੀ ਹੈ।

ਸੰਪਰਕ: 94178-32908



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -