ਮੁੰਬਈ, 3 ਜਨਵਰੀ
ਬਾਲੀਵੁੱਡ ਅਦਾਕਾਰ ਜੌਹਨ ਅਬਰਾਹਮ ਨੇ ਅੱਜ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਪ੍ਰਿਯਾ ਰੁੰਚਾਲ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਦੋਹਾਂ ਵਿਚ ਲਾਗ ਦੇ ਹਲਕੇ ਲੱਛਣ ਹਨ। 49 ਸਾਲਾ ਅਦਾਕਾਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਇੰਸਟਾਗ੍ਰਾਮ’ ‘ਤੇ ਕਰੋਨਾ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਦੋਵੇਂ ਜਣੇ ਇਕਾਂਤਵਾਸ ਹਨ। ਅਬਰਾਹਮ ਨੇ ਕਿਹਾ, ”ਮੈਂ ਤਿੰਨ ਦਿਨ ਪਹਿਲਾਂ ਕਿਸੇ ਵਿਅਕਤੀ ਨੂੰ ਮਿਲਿਆ ਸੀ ਅਤੇ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਹ ਕਰੋਨਾ ਪਾਜ਼ੇਟਿਵ ਹੈ। ਫਿਰ ਪ੍ਰਿਯਾ ਤੇ ਮੈਂ ਕਰੋਨਾ ਪਾਜ਼ੇਟਿਵ ਪਾਏ ਗਏ। ਅਸੀਂ ਘਰ ਵਿਚ ਹੀ ਇਕਾਂਤਵਾਸ ਹਾਂ, ਕਿਸੇ ਦੇ ਸੰਪਰਕ ਵਿਚ ਨਹੀਂ ਹਾਂ। ਅਸੀਂ ਦੋਹਾਂ ਨੇ ਟੀਕੇ ਲਗਵਾਏ ਹੋਏ ਹਨ ਅਤੇ ਸਾਨੂੰ ਲਾਗ ਦੇ ਮਾਮੂਲੀ ਲੱਛਣ ਹਨ। ਕ੍ਰਿਪਾ ਤੰਦਰੁਸਤ ਰਹੋ। ਮਾਸਕ ਪਹਿਨੋ।” -ਪੀਟੀਆਈ