ਗੁਹਾਟੀ, 9 ਜਨਵਰੀ
ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ ‘ਚ ਵਾਪਸੀ ਮੁੜ ਟਲ ਗਈ ਹੈ ਕਿਉਂਕਿ ਇਹ ਤੇਜ਼ ਗੇਂਦਬਾਜ਼ ਲੱਕ ਦੀ ਸੱਟ ਤੋਂ ਪੂਰੀ ਤਰ੍ਹਾਂ ਉੱਭਰਨ ‘ਚ ਨਾਕਾਮ ਰਿਹਾ ਹੈ ਅਤੇ ਸ੍ਰੀਲੰਕਾ ਖ਼ਿਲਾਫ਼ ਅਗਲੀ ਇੱਕ ਰੋਜ਼ਾ ਕੌਮਾਂਤਰੀ ਲੜੀ ‘ਚੋਂ ਅੱਜ ਬਾਹਰ ਹੋ ਗਿਆ ਹੈ। ਬੁਮਰਾਹ ਨੂੰ ਸ੍ਰੀਲੰਕਾ ਖ਼ਿਲਾਫ਼ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਪਰ ਬੀਸੀਸੀਆਈ ਦੇ ਸਹਿਯੋਗੀ ਸਟਾਫ ਤੇ ਮੈਡੀਕਲ ਟੀਮ ਨੇ ਆਸਟਰੇਲੀਆ ਖ਼ਿਲਾਫ਼ ਅਹਿਮ ਬਾਰਡਰ-ਗਾਵਸਕਰ ਟਰਾਫੀ ਨੂੰ ਧਿਆਨ ‘ਚ ਰੱਖਦਿਆਂ ਸਮੂਹਿਕ ਤੌਰ ‘ਤੇ ਫ਼ੈਸਲਾ ਲਿਆ ਕਿ ਇਸ ਤੇਜ਼ ਗੇਂਦਰਬਾਜ਼ ਦੀ ਵਾਪਸੀ ਟਾਲੀ ਜਾਵੇ। ਬੀਸੀਸੀਆਈ ਨੇ ਕਿਹਾ ਕਿ ਇਹ ਫ਼ੈਸਲਾ ਇਹਤਿਆਤੀ ਕਦਮ ਵਜੋਂ ਲਿਆ ਗਿਆ ਹੈ। -ਪੀਟੀਆਈ
ਟੀ-20 ਛੱਡਣ ਦਾ ਫ਼ੈਸਲਾ ਨਹੀਂ ਕੀਤਾ: ਰੋਹਿਤ
ਭਾਰਤ ਦੇ ਟੈਸਟ ਤੇ ਇੱਕ ਰੋਜ਼ਾ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਉਸ ਦੀ ਟੀ-20 ਕੌਮਾਂਤਰੀ ਮੈਚਾਂ ਨੂੰ ਛੱਡਣ ਦੀ ਕੋਈ ਯੋਜਨਾ ਨਹੀਂ ਹੈ। ਉੱਧਰ ਬੀਸੀਸੀਆਈ ਦੇ ਸੂਤਰਾਂ ਮੰਨੀਏ ਤਾਂ ਬੋਰਡ ਚਾਹੁੰਦਾ ਹੈ ਕਿ 2024 ‘ਚ ਵੈਸਟ ਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪਾਂ ਲਈ ਹਾਰਦਿਕ ਦੀ ਅਗਵਾਈ ਹੇਠ ਇੱਕ ਨੌਜਵਾਨ ਟੀਮ ਤਿਆਰ ਕੀਤੀ ਜਾਵੇ। ਰੋਹਿਤ ਨੇ ਕਿਹਾ, ‘ਅਸੀਂ ਛੇ ਟੀ-20 ਕੌਮਾਂਤਰੀ ਮੈਚ ਖੇਡਣੇ ਹਨ। ਇਨ੍ਹਾਂ ‘ਚੋਂ ਤਿੰਨ ਖਤਮ ਹੋ ਗਏ ਹਨ। ਸਾਨੂੰ ਇਨ੍ਹਾਂ ਖਿਡਾਰੀਆਂ ‘ਤੇ ਆਈਪੀਐੱਲ ਤੱਕ ਨਜ਼ਰ ਰੱਖਣ ਦੀ ਲੋੜ ਹੈ। ਆਈਪੀਐੱਲ ਤੋਂ ਬਾਅਦ ਦੇਖਾਂਗੇ ਕੀ ਹੋਵੇਗਾ। ਪਰ ਯਕੀਨੀ ਤੌਰ ‘ਤੇ ਮੈਂ ਕਿਸੇ ਵੀ ਵੰਨਗੀ ਨੂੰ ਅਲਵਿਦਾ ਆਖਣ ਦਾ ਮਨ ਨਹੀਂ ਬਣਾਇਆ ਹੈ।’