ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਜਨਵਰੀ
ਹਰਿਆਣਾ ਰਾਜ ਦੇ ਹਿਸਾਰ ਵਿੱਚ ਏਸ਼ੀਅਨ ਕਰਾਟੇ ਫ਼ੈਡਰੇਸ਼ਨ ਦੇ ਜੱਜ ਸ਼ਿਹਾਨ ਹਰੀਸ਼ ਸਿਰਾਧਾਨਾ ਦੀ ਅਗਵਾਈ ਹੇਠ ਕਰਵਾਈ ਗਈ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਵਿਚ ਸ਼ਾਮਲ ਹੁਸ਼ਿਆਰਪੁਰ ਦੇ ਪੰਜ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਹਨ। ਸੇਂਟ ਜੋਜਫ ਕਾਨਵੈਂਟ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਅਕਸ਼ਿਤਾ ਸ਼ਰਮਾ ਜੋ ਜਮਹੋਨਜ਼ ਇੰਸਟੀਚਿਊਟ ਆਫ਼ ਟਰੇਡੀਸ਼ਨਲ ਕਰਾਟੇ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਕਰਾਟੇ ਕੋਚ ਸ਼ਿਹਾਨ ਜਗਮੋਹਨ ਵਿਜ ਤੋਂ ਸਿਖਲਾਈ ਲੈ ਰਹੀ ਹੈ, ਨੇ 11 ਸਾਲ ਦੀ ਉਮਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ 2 ਸੋਨੇ ਦੇ ਤਗ਼ਮੇ ਜਿੱਤੇ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੀ ਮਨੀਸ਼ਾ ਨੇ ਇਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਸਰਕਾਰੀ ਮਿਡਲ ਸਕੂਲ ਬਹਾਦੁਰਪੁਰ ਦੇ ਵਿਦਿਆਰਥੀ ਕਰਨ ਕੁਮਾਰ ਨੇ ਸ਼ਿਆਈ ਕੁਮਿਤਾ ਮੁਕਾਬਲੇ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਮਾਊਂਟ ਕਾਰਮਲ ਸਕੂਲ ਦੇ ਵਿਦਿਆਰਥੀ ਅਦਬਪ੍ਰੀਤ ਸਿੰਘ ਨੇ ਕਾਤਾ ਈਵੈਂਟਸ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ।