ਮੁੰਬਈ: ਫਿਲਮ ‘ਕਲ ਹੋ ਨਾਲ ਹੋ’ ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨ ਵਾਲੀ ਝਲਕ ਸ਼ੁਕਲਾ ਨੇ ਅੱਜ ਫਿਟਨੈੱਸ ਟਰੇਨਰ ਸਵਪਨਿਲ ਸੂਰਿਆਵੰਸ਼ੀ ਨਾਲ ਮੰਗਣੀ ਕਰਵਾ ਲਈ ਹੈ। ਸਾਲ 2003 ਵਿੱਚ ਆਏ ਟੀਵੀ ਸ਼ੋਅ ‘ਕ੍ਰਿਸ਼ਮਾ ਕਾ ਕ੍ਰਿਸ਼ਮਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਝਲਕ ਨੇ ਅੱਜ ਆਪਣੇ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਝਲਕ ਦੀ ਮਾਂ ਅਤੇ ਸੀਨੀਅਰ ਅਦਾਕਾਰਾ ਸੁਪ੍ਰਿਆ ਸ਼ੁਕਲਾ ਨੇ ਇਸ ਸਮਾਗਮ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਹਨ। ਝਲਕ ਵੱਲੋਂ ਵੀ ਆਪਣੀ ਮੰਗਣੀ ਦੀ ਰਸਮ ਦੀ ਇੱਕ ਰੀਲ ਸਾਂਝੀ ਕੀਤੀ ਗਈ ਹੈ। ਆਰਕਿਆਲੋਜੀ ਵਿੱਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਝਲਕ ਨੇ ਬਹੁਤ ਹੀ ਛੋਟੀ ਉਮਰ ਵਿੱਚ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। 2003 ਵਿੱਚ ‘ਕ੍ਰਿਸ਼ਮਾ ਕਾ ਕ੍ਰਿਸ਼ਮਾ’ ਅਤੇ ਫਿਲਮ ‘ਕਲ ਹੋ ਨਾ ਹੋ’ ਵਿੱਚ ਅਦਾਕਰ ਸ਼ਾਹਰੁਖ ਖ਼ਾਨ, ਸੈਫ਼ ਅਲੀ ਖ਼ਾਨ, ਪ੍ਰਿਟੀ ਜ਼ਿੰਟਾ ਤੇ ਜਯਾ ਬੱਚਨ ਨਾਲ ਕੰਮ ਕਰਨ ਮਗਰੋਂ ਝਲਕ ਨੇ ਰਜਿਤ ਕਪੂਰ, ਕੋਂਕਨਾ ਸੇਨ ਸ਼ਰਮਾ, ਇਰਫਾਨ ਖ਼ਾਨ ਨਾਲ 2006 ਵਿੱਚ ਆਈ ਫਿਲਮ ‘ਡੈੱਡਲਾਈਨ: ਸਿਰਫ਼ 24 ਘੰਟੇ’ ਵਿੱਚ ਵੀ ਕੰਮ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਅਗਵਾ ਹੋਈ ਲੜਕੀ ‘ਅੰਸ਼ਿਕਾ ਗੋਇਨਕਾ’ ਦਾ ਕਿਰਦਾਰ ਨਿਭਾਇਆ ਸੀ। -ਆਈਏਐੱਨਐੱਸ