ਪੱਤਰ ਪੇ੍ਰਕ
ਆਦਮਪੁਰ ਦੋਆਬਾ (ਜਲੰਧਰ), 16 ਜਨਵਰੀ
ਅਰਸ਼ਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੇ ਜੋਸਫ ਡੇ ਪਬਲਿਕ ਸਕੂਲ ਪੂਣੇ ਨੂੰ ਇਕ ਪਾਸੜ ਮੈਚ ਵਿੱਚ 8-0 ਦੇ ਵੱਡੇ ਫਰਕ ਨਾਲ ਹਰਾ ਕੇ 16ਵੇਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਸਕੂਲੀ ਲੜਕੇ) ਵਿੱਚ ਪਹਿਲੀ ਜਿੱਤ ਦਰਜ ਕਰਦੇ ਹੋਏ ਆਪਣੇ ਖਾਤੇ ਵਿੱਚ ਤਿੰਨ ਅੰਕ ਜੋੜੇ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਚਾਰ ਲੀਗ ਮੈਚ ਖੇਡੇ ਗਏ। ਆਖਰੀ ਮੈਚ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਵਲੋਂ ਦਿਲਰਾਜ ਸਿੰਘ ਨੇ ਹੈਟ੍ਰਿਕ ਬਣਾਈ ਪਹਿਲੇ ਮੈਚ ਵਿੱਚ ਪੂਲ ਬੀ ਵਿੱਚ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੇ ਜੋਸਫ ਡੇ ਪਬਲਿਕ ਸਕੂਲ ਪੂਣੇ ਨੂੰ 8-0 ਨਾਲ ਮਾਤ ਦੇ ਕੇ ਤਿੰਨ ਅੰਕ ਹਾਸਲ ਕੀਤੇ। ਜੇਤੂ ਟੀਮ ਵਲੋਂ ਅਰਸ਼ਦੀਪ ਸਿੰਘ ਨੇ ਚਾਰ ਗੋਲ 16ਵੇਂ, 24ਵੇਂ, 43ਵੇਂ ਅਤੇ 49ਵੇਂ ਮਿੰਟ ਅਤੇ 58ਵੇਂ ਮਿੰਟ ਵਿਚ ਕੀਤੇ। ਅਵਨੀਤ ਸਿੰਘ ਨੇ 28ਵੇਂ ਮਿੰਟ ਵਿੱਚ, ਮਨਪ੍ਰੀਤ ਸਿੰਘ ਨੇ 37ਵੇਂ ਮਿੰਟ ਵਿੱਚ, ਜੋਬਨ ਸਿੰਘ ਨੇ 55ਵੇਂ ਮਿੰਟ ਵਿੱਚ ਗੋਲ ਕਰਕੇ ਜਿਤ ਦੁਆਈ। ਪੂਲ ਡੀ ਵਿੱਚ ਸ਼ਹੀਦ ਉਧਮ ਸਿੰਘ ਪਬਲਿਕ ਸਕੂਲ ਤਰਨਤਾਰਨ ਨੇ ਸ੍ਰੀ ਗੁਰੁੂ ਤੇਗ ਬਹਾਦਰ ਸੀਨੀਅਰ ਸਕੈਂਡਰੀ ਸਕੂਲ ਬਾਬਾ ਬਕਾਲਾ ਨੂੰ ਸਖਤ ਮੁਕਾਬਲੇ ਮਗਰੋਂ 2-1 ਨਾਲ ਮਾਤ ਦੇ ਕੇ ਤਿੰਨ ਅੰਕ ਹਾਸਲ ਕੀਤੇ। ਖੇਡ ਦੇ 17ਵੇਂ ਮਿੰਟ ਵਿੱਚ ਬਾਬਾ ਬਕਾਲਾ ਦੇ ਨਵਰਾਜ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਤਰਨ ਤਾਰਨ ਦੇ ਗੁਰਸੇਵਕ ਸਿੰਘ ਨੇ 26ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ ਆਖਰੀ ਮਿੰਟ ਵਿੱਚ ਤਰਨਤਾਰਨ ਦੇ ਜਸਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 2-1 ਨਾਲ ਜਿੱਤ ਦੁਆਈ। ਪੂਲ ਸੀ ਵਿੱਚ ਸ਼ਿਤਿਜ ਸਕੂਲ਼ ਜਮਸ਼ੇਦਪੁਰ ਅਤੇ ਡਿਵਾਇਨ ਪਬਲਿਕ ਸਕੂਲ਼ ਸ਼ਾਹਬਾਦ ਦੀਆਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਰਹੀਆਂ। ਦੋਵਾਂ ਟੀਮਾਂ ਨੂੰ ਇਕ ਇਕ ਅੰਕ ਨਾਲ ਸਬਰ ਕਰਨਾ ਪਿਆ। ਆਖਰੀ ਮੈਚ ਪੂਲ ਏ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਸਰਸਵਤੀ ਪਬਲਿਕ ਸਕੂਲ ਸੋਨੀਪਤ ਦਰਮਿਆਨ ਖੇਡਿਆ ਗਿਆ। ਸਰਕਾਰੀ ਮਾਡਲ ਸਕੂਲ ਜਲੰਧਰ ਨੇ ਇਹ ਮੈਚ 3-0 ਨਾਲ ਜਿੱਤ ਲਿਆ। ਅੱਜ ਦੇ ਮੈਚਾਂ ਮੌਕੇ ਇਕਬਾਲ ਸਿੰਘ ਸੰਧੂ ਸਾਬਕਾ ਏਡੀਸੀ, ਗੁਰਸ਼ਰਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ ਹਾਜ਼ਰ ਸਨ।