ਮੁੰਬਈ: ਅਦਾਕਾਰਾ ਰਕੁਲ ਪ੍ਰੀਤ ਸਿੰਘ ਉਸ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਛਤਰੀਵਾਲੀ’ ਨੂੰ ਮਿਲ ਰਹੇ ਹੁੰਗਾਰੇ ਤੋਂ ਖੁਸ਼ ਹੈ। ਉਸ ਨੇ ਕਿਹਾ ਕਿ ਇਸ ਫਿਲਮ ਰਾਹੀਂ ਉਸ ਨੂੰ ਉਹ ਮੁੱਦੇ ਚੁੱਕਣ ਦਾ ਮੌਕਾ ਮਿਲਿਆ, ਜਿਨ੍ਹਾਂ ਬਾਰੇ ਸਮਾਜ ਵਿੱਚ ਆਮ ਤੌਰ ‘ਤੇ ਗੱਲਬਾਤ ਨਹੀਂ ਕੀਤੀ ਜਾਂਦੀ। ਫਿਲਮ ਵਿੱਚ ਰਕੁਲ ਨੇ ਅਜਿਹੇ ਕਿਰਦਾਰ ਦੀ ਭੂਮਿਕਾ ਨਿਭਾਈ ਹੈ ਜੋ ਸਮਾਜ ਨੂੰ ਬਦਲਣ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਮਿਸ਼ਨ ‘ਤੇ ਆਧਾਰਿਤ ਹੈ। ਫਿਲਮ ਵਿਚਲੇ ਕਿਰਦਾਰ ਲਈ ਪ੍ਰਸ਼ੰਸਕਾਂ ਵੱਲੋਂ ਰਕੁਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰਕੁਲ ਨੇ ਕਿਹਾ, ”ਮੈਂ ‘ਛਤਰੀਵਾਲੀ’ ਨੂੰ ਦਰਸ਼ਕਾਂ ਦੇ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਬਹੁਤ ਖੁਸ਼ ਹਾਂ। ਇਹ ਮੇਰੇ ਲਈ ਬਹੁਤ ਖਾਸ ਫਿਲਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਲਈ ਵੀ ਇਹ ਖਾਸ ਹੋਵੇਗੀ।” ਉਸ ਨੇ ਕਿਹਾ, ”ਮੈਨੂੰ ਇਸ ਫਿਲਮ ਰਾਹੀਂ ਉਨ੍ਹਾਂ ਮੁੱਦਿਆਂ ‘ਤੇ ਗੱਲ ਕਰਨ ਅਤੇ ਉਨ੍ਹਾਂ ਪਹਿਲੂਆਂ ‘ਤੇ ਚਾਨਣਾ ਪਾਉਣ ਦਾ ਮੌਕਾ ਮਿਲਿਆ, ਜਿਨ੍ਹਾਂ ਬਾਰੇ ਅਸੀਂ ਗੱਲਬਾਤ ਨਹੀਂ ਕਰਦੇ। ਮੈਨੂੰ ਖ਼ੁਸ਼ੀ ਹੈ ਕਿ ਸਾਡਾ ਸੰਦੇਸ਼ ਦਰਸ਼ਕਾਂ ਤੱਕ ਪਹੁੰਚ ਗਿਆ ਹੈ।” -ਆਈਏਐੱਨਐੱਸ