ਅਜਨਾਲਾ: ਸਵਰਾਜ ਸਪੋਰਟਸ ਕਲੱਬ ਅਜਨਾਲਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਰੋਆ ਸਮਾਜ ਸਿਰਜਣ ਦੇ ਉਦੇਸ਼ ਨਾਲ 21ਵਾਂ ਚਾਰ ਰੋਜਾ ਫੁਟਬਾਲ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਮੰਗਲ ਸਿੰਘ ਨਿੱਝਰ ਦੀ ਅਗਵਾਈ ਹੇਠ ਕਰਵਾਇਆ ਗਿਆ। ਫਾਈਨਲ ਮੈਚ ਸਵਰਾਜ ਸਪੋਰਟਸ ਕਲੱਬ ਅਤੇ ਸਪੋਰਟਸ ਕਲੱਬ ਘਣੀਏ ਕੇ ਬਾਂਗਰ ਦੀਆਂ ਟੀਮਾਂ ਵਿਚਾਲੇ ਹੋਇਆ ਜਿਸ ਵਿੱਚ ਘਣੀਏ ਕੇ ਬਾਂਗਰ ਦੀ ਟੀਮ ਜੇਤੂ ਰਹੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ, ਓਐੱਸਡੀ ਐਡਵੋਕੇਟ ਰਾਜੀਵ ਰਾਜਾ ਮਦਾਨ, ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਨਿੱਜੀ ਸਹਾਇਕ ਮਨਿੰਦਰ ਪਾਲ ਸਿੰਘ ਅਤੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਸਾਂਝੇ ਤੌਰ ‘ਤੇ ਜੇਤੂ ਟੀਮਾਂ ਦਾ ਸਨਮਾਨ ਕੀਤਾ। ਖੁਸ਼ਪਾਲ ਸਿੰਘ ਨੇ ਸਵਰਾਜ ਸਪੋਰਟਸ ਕਲੱਬ ਨੂੰ ਕੈਬਨਿਟ ਮੰਤਰੀ ਧਾਲੀਵਾਲ ਦੇ ਅਖਤਿਆਰੀ ਕੋਟੇ ਵਿੱਚੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। -ਪੱਤਰ ਪ੍ਰੇਰਕ