ਮੁੰਬਈ: ਅਦਾਕਾਰਾ ਸੁਸ਼ਮਿਤਾ ਸੇਨ ਨੇ ਕਿਹਾ ਕਿ ਵੈੱਬ ਸੀਰੀਜ਼ ‘ਆਰੀਆ’ ਦੇ ਭਾਗ ਤੀਜੇ ਲਈ ਉਹ ਉਤਸ਼ਾਹਿਤ ਹੈ ਤੇ ਇਹ ਵੈੱਬ ਸੀਰੀਜ਼ ਉਸ ਨੂੰ ਸ਼ਕਤੀਕਰਨ ਦਾ ਅਹਿਸਾਸ ਕਰਵਾਉਂਦੀ ਹੈ। ‘ਆਰੀਆ’ ਡੱਚ ਕ੍ਰਾਈਮ ਡਰਾਮਾ ‘ਪੈਨੋਜ਼ਾ’ ਦਾ ਰੀਮੇਕ ਹੈ। ਇਹ ਇਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਆਪਣੇ ਪਰਿਵਾਰ ਨੂੰ ਬਚਾਉਣ ਲਈ ਸੰਘਰਸ਼ ਕਰਦੀ ਹੈ। ਰਾਮ ਮਾਧਵਾਨੀ ਤੇ ਸੰਦੀਪ ਮੋਦੀ ਵੱਲੋਂ ਬਣਾਈ ਇਸ ਸੀਰੀਜ਼ ਦੇ ਪਹਿਲੇ ਦੋ ਭਾਗ 2020 ਤੇ 2021 ਵਿੱਚ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਏ ਸਨ। ਇਹ ਦੋਵੇਂ ਭਾਗ ਮਕਬੂਲ ਹੋਣ ਤੋਂ ਬਾਅਦ ਟੀਮ ਨੇ ”ਆਰੀਆ-3” ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਅਦਾਕਾਰਾ ਨੇ ਸੀਰੀਜ਼ ਦੇ ਪਿਛਲੇ ਭਾਗਾਂ ਦੀ ਸਫ਼ਲਤਾ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਦੋਵੇਂ ਸੀਜ਼ਨਾਂ ਵਿੱਚ ਆਰੀਆ ਦਾ ਕਿਰਦਾਰ ਨਿਭਾਇਆ ਹੈ। ਮੇਰੇ ਕਿਰਦਾਰ ਨੂੰ ਦਰਸ਼ਕਾਂ ਤੋਂ ਮਿਲੇ ਪਿਆਰ ਨੇ ਹੀ ਮੈਨੂੰ ਵੈੱਬ ਸੀਰੀਜ਼ ਵਿੱਚ ਹੋਰ ਬਿਹਤਰ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ਹੈ। ਆਰੀਆ-3 ਦੇ ਸੈੱਟ ‘ਤੇ ਮੈਨੂੰ ਘਰ ਵਰਗਾ ਮਾਹੌਲ ਲੱਗਦਾ ਹੈ ਅਤੇ ਇੱਥੇ ਸ਼ਕਤੀਕਰਨ ਦਾ ਅਹਿਸਾਸ ਹੁੰਦਾ ਹੈ।” ਓਟੀਟੀ ਮੰਚ ਡਿਜ਼ਨੀ ਪਲੱਸ ਹੌਟਸਟਾਰ ਨੇ ‘ਆਰੀਆ-3’ ਦਾ ਅੱਜ ਟੀਜ਼ਰ ਜਾਰੀ ਕੀਤਾ ਹੈ, ਪਰ ਅਜੇ ਤੱਕ ਇਸ ਦੇ ਰਿਲੀਜ਼ ਹੋਣ ਦੀ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ। -ਪੀਟੀਆਈ