ਬੈਂਕਾਕ: ਸਾਤਵਿਕਸਾਈਰਾਜ ਰੰਕੀਰੈਡੀ ਦੇ ਸੱਟ ਤੋਂ ਪੂਰੀ ਤਰ੍ਹਾਂ ਨਾ ਉਭਰਨ ਕਾਰਨ ਸਾਤਵਿਕ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਥਾਈਲੈਂਡ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ। ਇਸੇ ਤਰ੍ਹਾਂ ਸਾਇਨਾ ਨੇਹਵਾਲ ਅਤੇ ਮਾਲਵਿਕਾ ਬੰਸੋਡ ਨੇ ਵੀ ਟੂਰਨਾਮੈਂਟ ‘ਚੋਂ ਆਪੋ-ਆਪਣਾ ਨਾਮ ਵਾਪਸ ਲੈ ਲਿਆ ਹੈ। ਸਾਤਵਿਕ ਨੂੰ ਇੰਡੀਆ ਓਪਨ ਸੁਪਰ 750 ਟੂਰਨਾਮੈਂਟ ਦੌਰਾਨ ਸੱਟ ਲੱਗੀ ਸੀ ਅਤੇ ਉਸ ਨੂੰ ਨਵੀਂ ਦਿੱਲੀ ਵਿੱਚ ਟੂਰਨਾਮੈਂਟ ਤੋਂ ਅੱਧ ਵਿਚਾਲੇ ਹਟਣਾ ਪਿਆ ਸੀ। ਦੁਨੀਆ ਦੀ 6ਵੇਂ ਨੰਬਰ ਦੀ ਜੋੜੀ ਦਾ ਹਿੱਸਾ ਚਿਰਾਗ ਨੇ ਦੱਸਿਆ, ”ਸੱਟ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਜਿਸ ਕਰਕੇ ਅਸੀਂ ਥਾਈਲੈਂਡ ‘ਚ ਨਹੀਂ ਖੇਡ ਸਕਦੇ।” ਉਸ ਨੇ ਕਿਹਾ, ”ਹੁਣ ਸਾਡਾ ਧਿਆਨ ਮੁੱਖ ਰੂਪ ‘ਚ ਆਲ ਇੰਗਲੈਂਡ ਚੈਂਪੀਅਨਸ਼ਿਪ ‘ਤੇ ਹੈ।” ਹੁਣ ਕ੍ਰਿਸ਼ਨ ਪ੍ਰਸਾਦ ਗਾਰਗਾ ਅਤੇ ਵਿਸ਼ਨੂੰਵਰਧਨ ਗੌਡ ਪੰਜਾਲਾ ਦੀ 34ਵੇਂ ਨੰਬਰ ਦੀ ਜੋੜੀ ਪੁਰਸ਼ ਡਬਲਜ਼ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਈਸ਼ਾਨ ਭਟਨਾਗਰ ਅਤੇ ਸਾਈ ਪ੍ਰਤੀਕ ਪਹਿਲੇ ਗੇੜ ਵਿੱਚ ਜ਼ੇਪ ਬੇਅ ਅਤੇ ਅੱਠਵਾਂ ਦਰਜਾ ਪ੍ਰਾਪਤ ਲਾਸੇ ਮੋਲਹੇਡੇ ਨਾਲ ਭਿੜਨਗੇ। ਪੁਰਸ਼ ਸਿੰਗਲਜ਼ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਸਾਈ ਪ੍ਰਣੀਤ ਕਰੇਗਾ। -ਪੀਟੀਆਈ