ਨਵੀਂ ਦਿੱਲੀ, 1 ਫਰਵਰੀ
ਕਾਂਗਰਸ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਬਜਟ ‘ਤੇ ਵਾਹ-ਵਾਹੀ ਖੱਟੀ ਸੀ ਪਰ ਅਸਲੀਅਤ ਸਾਹਮਣੇ ਆ ਗਈ ਕਿਉਂਕਿ ਉਸ ਦੀ ਰਣਨੀਤੀ ‘ਵਧੇਰੇ ਵਾਅਦੇ ਅਤੇ ਕੰਮ ਘੱਟ ਕਰਨ ਵਾਲੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਪਿਛਲੇ ਸਾਲ ਦੇ ਬਜਟ ਵਿੱਚ ਖੇਤੀਬਾੜੀ, ਸਿਹਤ, ਸਿੱਖਿਆ, ਮਨਰੇਗਾ ਅਤੇ ਅਨੁਸੂਚਿਤ ਜਾਤੀਆਂ ਦੀ ਭਲਾਈ ਨਾਲ ਸਬੰਧਤ ਅਲਾਟਮੈਂਟ ਲਈ ਪ੍ਰਸ਼ੰਸਾ ਕੀਤੀ ਗਈ ਸੀ। ਅੱਜ ਅਸਲੀਅਤ ਸਭ ਨੂੰ ਪਤਾ ਹੈ। ਅਸਲ ਖਰਚਾ ਬਜਟ ਨਾਲੋਂ ਬਹੁਤ ਘੱਟ ਹੈ।’ ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬਜਟ ਦੀ ਆਲੋਚਨਾ ਕੀਤੀ ਹੈ ਤੇ ਇਸ ਨੂੰ ਗਰੀਬ ਤੇ ਮੱਧ ਵਰਗ ਵਿਰੋਧੀ ਕਰਾਰ ਦਿੱਤਾ ਹੈ।
ਨਵੀਂ ਦਿੱਲੀ(ਮਨਧੀਰ ਸਿੰਘ ਦਿਓਲ): ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰੀ ਬਜਟ ਦੀ ਨਿੰਦਾ ਕੀਤੀ ਗਈ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਕੀਤਾ ਕਿ ਇਸ ਬਜਟ ਵਿੱਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਹੈ। ਇਸ ਦੇ ਉਲਟ ਇਹ ਬਜਟ ਮਹਿੰਗਾਈ ਵਧਾਏਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ। ਉਨ੍ਹਾਂ ਟਿਪਣੀ ਕੀਤੀ ਕਿ ਸਿੱਖਿਆ ਬਜਟ 2.64 ਫੀਸਦ ਤੋਂ ਘਟਾ ਕੇ 2.5 ਫੀਸਦ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਿਹਤ ਬਜਟ ਨੂੰ 2.2ਫੀਸਦ ਤੋਂ ਘਟਾ ਕੇ 1.98ਫੀਸਦ ਕਰਨਾ ਨੁਕਸਾਨਦੇਹ ਹੈ। ਉਨ੍ਹਾਂ ਕੇਂਦਰ ਸਰਕਾਰ ਉਪਰ ਦਿੱਲੀ ਨਾਲ ਮਤਰੇਆ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਵੀ ਲਾਇਆ। ਦੂਜੇ ਟਵੀਟ ਚ ਉਨ੍ਹਾਂ ਕਿਹਾ, ‘ਦਿੱਲੀ ਦੇ ਲੋਕਾਂ ਨਾਲ ਫਿਰ ਤੋਂ ਮਤਰੇਈ ਮਾਂ ਵਾਲਾ ਸਲੂਕ। ਦਿੱਲੀ ਦੇ ਲੋਕਾਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਜ਼ਿਆਦਾ ਦਾ ਇਨਕਮ ਟੈਕਸ ਅਦਾ ਕੀਤਾ ਹੈ। ਉਸ ਵਿੱਚੋਂ ਸਿਰਫ਼ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ ਗਏ ਹਨ। ਇਹ ਦਿੱਲੀ ਦੇ ਲੋਕਾਂ ਨਾਲ ਘੋਰ ਬੇਇਨਸਾਫੀ ਹੈ।’