ਮੁੰਬਈ: ਐਕਸ਼ਨ ਸਟਾਰ ਟਾਈਗਰ ਸ਼ਰੌਫ਼ ਤੇ ਅਕਸ਼ੈ ਕੁਮਾਰ ਆਉਣ ਵਾਲੀ ਫਿਲਮ ‘ਸੈਲਫ਼ੀ’ ਦੇ ਗੀਤ ‘ਮੈਂ ਖਿਲਾੜੀ’ ‘ਤੇ ਇਕੱਠਿਆਂ ਨੱਚੇ। ਜ਼ਿਕਰਯੋਗ ਹੈ ਕਿ ਦੋਵੇਂ ਅਦਾਕਾਰਾਂ ਨੇ ਹਾਲ ਹੀ ਵਿੱਚ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਦੀ ਸ਼ੂਟਿੰਗ ਆਰੰਭੀ ਹੈ। ਦੋਵਾਂ ਨੇ ਇਸ ਗੀਤ ‘ਤੇ ਨੱਚਦਿਆਂ ਦੀ ਆਪਣੀ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਕਸ਼ੈ ਤੇ ਟਾਈਗਰ ਸ਼ਰੌਫ਼ ਕਾਲੇ ਰੰਗ ਦੇ ਕੱਪੜੇ ਅਤੇ ਚਸ਼ਮੇ ਪਾ ਕੇ ਇੱਕ ਪਾਰਕ ਵਿੱਚ ਅਕਸ਼ੈ ਦੀ 1994 ਵਿੱਚ ਆਈ ਸੁਪਰਹਿੱਟ ਫਿਲਮ ‘ਮੈਂ ਖਿਲਾੜੀ ਤੂ ਅਨਾੜੀ’ ਦੇ ਗੀਤ ‘ਮੈਂ ਖਿਲਾੜੀ’ ‘ਤੇ ਨੱਚ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਗੀਤ ਫਿਲਮ ‘ਸੈਲਫ਼ੀ’ ਵਿੱਚ ਵੀ ਫਿਲਮਾਇਆ ਗਿਆ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ ਹੈ, ‘ਟਾਈਗਰ ਸ਼ਰੌਫ਼ ਆਖਿਰਕਾਰ ਮੇਰੇ ਨਾਲ ਇਸ ਗੀਤ ‘ਤੇ ਨੱਚਿਆ। ਤਹਾਡਾ ਕੀ ਖਿਆਲ ਹੈ? ਆਪਣੇ ਜਿਗਰੀ ਦੋਸਤ ਨਾਲ ਰਲ ਕੇ ਤੁਸੀਂ ਵੀ ‘ਮੈਂ ਖਿਲਾੜੀ ਤੂ ਅਨਾੜੀ’ ਰੀਲ ਬਣਾਓ। ਮੈਂ ਉਹ ਰੀਲ ਸਾਂਝੀ ਕਰਾਂਗਾ।’ ਜ਼ਿਕਰਯੋਗ ਹੈ ਕਿ ਰਾਜ ਮਹਿਤਾ ਵੱਲੋਂ ਨਿਰਦੇਸ਼ਿਤ ਫਿਲਮ ‘ਸੈਲਫ਼ੀ’ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਮੱਲਿਆਲਮ ਫਿਲਮ ‘ਡਰਾਈਵਿੰਗ ਲਾਇਸੈਂਸ’ ਦੀ ਹਿੰਦੀ ਰੀਮੇਕ ਹੈ। -ਆਈਏਐੱਨਐੱਸ