ਨਵੀਂ ਦਿੱਲੀ, 23 ਫਰਵਰੀ
ਯੂਕਰੇਨ ਵਿੱਚ ਬਣੇ ਜੰਗ ਵਰਗੇ ਹਾਲਾਤ ਕਾਰਨ ਇਕ ਸਾਲ ਪਹਿਲਾਂ ਵੱਡੀ ਗਿਣਤੀ ਵਿਦਿਆਰਥੀ ਐੱਮਬੀਬੀਐੱਸ ਦੀ ਪੜ੍ਹਾਈ ਮੁਕੰਮਲ ਕਰਨ ਲਈ ਰੂਸ ਚਲੇ ਗਏ ਸਨ। ਕਾਬਿਲੇਗੌਰ ਹੈ ਕਿ ਰੂਸ ਵੱਲੋਂ ਹੀ ਯੂਕਰੇਨ ਵਿੱਚ ਜੰਗ ਵਰਗੇ ਹਾਲਾਤ ਪੈਦਾ ਕੀਤੇ ਗਏ ਹਨ। ਇਨ੍ਹਾਂ ਪਾੜ੍ਹਿਆਂ ਵਿੱਚ ਸ਼ਾਮਲ ਭਾਰਤੀ ਵਿਦਿਆਰਥਣ ਜਿਸਨਾ ਜੀਜੀ (25) ਨੇ ਕਿਹਾ ਕਿ ਰੂਸ ਵਿੱਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਕੋਈ ਵਾਧੂ ਚਾਰਜ ਵੀ ਨਹੀਂ ਵਸੂਲਿਆ ਗਿਆ। ਉਸ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੂਸ ਵਿੱਚ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਤੇ ਉਨ੍ਹਾਂ ਦੀ ਮਿਹਨਤ ਵੀ ਅਜਾਈਂ ਨਹੀਂ ਗਈ। ਕੇਰਲਾ ਦੀ ਵਸਨੀਕ ਜਿਸਨਾ ਜੀਜੀ ਮੌਜੂਦਾ ਸਮੇਂ ਰੂਸ ਦੇ ਅਰਖਾਨਗੇਲਸਕ ਸਥਿਤ ਨਾਰਦਰਨ ਸਟੇਟ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਹੈ।
ਇਕ ਸਾਲ ਪਹਿਲਾਂ ਉਹ ਯੂਕਰੇਨ ਦੇ ਸੁਮੀ ਸ਼ਹਿਰ ਦੀ ਇਕ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਵਿਦਿਆਰਥਣ ਸੀ ਤੇ ਉਸ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਸਾਲ 2022 ਵਿੱਚ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰ ਦਿੱਤਾ ਜਾਵੇਗਾ। ਇਸ ਹਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੋਰਨਾਂ ਵਿਦਿਆਰਥੀਆਂ ਵਾਂਗ ਜਿਸਨਾ ਜੀਜੀ ਵੀ ਜੰਗ ਦੇ ਹਾਲਾਤ ਤੋਂ ਬਚਣ ਲਈ ਯੂਕਰੇਨ ਦੀ ਪੱਛਮੀ ਸਰਹੱਦ ‘ਤੇ ਪਹੁੰਚ ਗਈ ਸੀ। ਇਸ ਮਗਰੋਂ ਭਾਰਤ ਸਰਕਾਰ ਵੱਲੋਂ ਚਲਾਏ ਗਏ ‘ਅਪਰੇਸ਼ਨ ਗੰਗਾ’ ਦੌਰਾਨ 17 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਲਿਆਂਦਾ ਗਿਆ ਸੀ ਜਿਸ ਵਿੱਚ ਜਿਸਨਾ ਜੀਜੀ ਵੀ ਸ਼ਾਮਲ ਸੀ। ਇਸ ਮਗਰੋਂ ਵਿਦਿਆਰਥੀਆਂ ਨੇ ਐੱਮਬੀਬੀਐੱਸ ਦੀ ਪੜ੍ਹਾਈ ਜਾਰੀ ਰੱਖਣ ਲਈ ਰੂਸ, ਸਰਬੀਆ,ਉਜ਼ਬੇਕਿਸਤਾਨ ਤੇ ਹੋਰਨਾਂ ਯੋਰਪੀ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵੱਲ ਰੁਖ਼ ਕੀਤਾ।
ਰੂਸ ਤੋਂ ਪੀਟੀਆਈ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਜਿਸਨਾ ਜੀਜੀ ਨੇ ਕਿਹਾ ਕਿ ਭਾਰਤ ਪਹੁੰਚਣ ਮਗਰੋਂ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਨੂੰ ਯਕੀਨ ਸੀ ਕਿ ਜਲਦੀ ਹੀ ਜੰਗ ਖ਼ਤਮ ਹੋ ਜਾਵੇਗੀ ਤੇ ਉਹ ਯੂਕਰੇਨ ਪਰਤ ਜਾਣਗੇ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਅਕਾਦਮਿਕ ਮੋਬੀਲਿਟੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਹੋਰਨਾਂ ਯੂਨੀਵਰਸਿਟੀਆਂ ਵਿੱਚ ਆਪਣੇ ਤਬਾਦਲੇ ਕਰਵਾਏ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿੱਚ ਜਿਸਨਾ ਜੀਜੀ ਦੀ ਐੱਮਬੀਬੀਐੱਸ ਦੀ ਪੜ੍ਹਾਈ ਮੁਕੰਮਲ ਹੋ ਜਾਵੇਗੀ। -ਪੀਟੀਆਈ